ਲਾਸ ਏਂਜਲਸ: ਫਰਾਂਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਰੋਕੋ ਨੂੰ 2-0 ਨਾਲ ਹਰਾ ਕੇ ਫੁੱਟਬਾਲ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਜਿੱਤ ਨਾਲ ਫਰਾਂਸ ਨੇ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ, ਜੋ ਟੀਮ ਦੀ ਲਗਾਤਾਰ ਮਜ਼ਬੂਤ ਪ੍ਰਦਰਸ਼ਨ ਦੀ ਗਵਾਹੀ ਦਿੰਦਾ ਹੈ।
ਫਰਾਂਸ ਇਸ ਤੋਂ ਪਹਿਲਾਂ 2018 ਅਤੇ 2022 ਦੇ ਵਿਸ਼ਵ ਕੱਪ ਵਿੱਚ ਵੀ ਫਾਈਨਲ ਤੱਕ ਪਹੁੰਚਿਆ ਸੀ। ਹੁਣ ਟੀਮ ਇੱਕ ਵਾਰ ਫਿਰ ਖਿਤਾਬ ਦੀ ਦੌੜ ਵਿੱਚ ਮਜ਼ਬੂਤੀ ਨਾਲ ਬਣੀ ਹੋਈ ਹੈ। ਮੋਰੋਕੋ ਖ਼ਿਲਾਫ਼ ਹੋਏ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਫਰਾਂਸ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਅਤੇ ਮੈਚ ‘ਤੇ ਆਪਣਾ ਕਬਜ਼ਾ ਬਣਾਈ ਰੱਖਿਆ।
ਟੀਮ ਦੇ ਕਪਤਾਨ ਐਮਬਾਪੇ ਨੇ ਪਹਿਲੇ ਹਾਫ ਵਿੱਚ ਮਿਲੀ ਪੈਨਲਟੀ ਦਾ ਮੌਕਾ ਗੁਆ ਦਿੱਤਾ, ਪਰ ਦੂਜੇ ਹਾਫ ਵਿੱਚ ਉਨ੍ਹਾਂ ਨੇ ਵਾਪਸੀ ਕਰਦਿਆਂ 60ਵੇਂ ਮਿੰਟ ਵਿੱਚ ਗੋਲ ਕਰਕੇ ਫਰਾਂਸ ਨੂੰ ਬੜ੍ਹਤ ਦਿਵਾਈ। ਇਸ ਗੋਲ ਨੇ ਮੋਰੋਕੋ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ। ਸਿਰਫ਼ ਛੇ ਮਿੰਟ ਬਾਅਦ ਉਸਮਾਨ ਡੇਮਬੇਲੇ ਨੇ ਦੂਜਾ ਗੋਲ ਕਰਕੇ ਫਰਾਂਸ ਦੀ ਜਿੱਤ ਨੂੰ ਲਗਭਗ ਯਕੀਨੀ ਬਣਾ ਦਿੱਤਾ।
ਇਸ ਜਿੱਤ ਨਾਲ ਫਰਾਂਸ ਹੁਣ ਸੈਮੀਫਾਈਨਲ ਵਿੱਚ ਸਪੇਨ ਅਤੇ ਬੈਲਜੀਅਮ ਵਿਚਾਲੇ ਹੋਣ ਵਾਲੇ ਦੂਜੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਭਿੜੇਗਾ। ਫੁੱਟਬਾਲ ਪ੍ਰੇਮੀਆਂ ਨੂੰ ਉਮੀਦ ਹੈ ਕਿ ਸੈਮੀਫਾਈਨਲ ਮੁਕਾਬਲਾ ਵੀ ਕਾਫ਼ੀ ਰੋਮਾਂਚਕ ਹੋਵੇਗਾ।
ਐਮਬਾਪੇ ਨੇ ਇਸ ਟੂਰਨਾਮੈਂਟ ਵਿੱਚ ਆਪਣਾ ਅੱਠਵਾਂ ਗੋਲ ਕਰਕੇ ਲਿਓਨਲ ਮੈਸੀ ਦੀ ਬਰਾਬਰੀ ਕਰ ਲਈ ਹੈ। ਦੋਵਾਂ ਖਿਡਾਰੀਆਂ ਦੇ ਨਾਮ ਹੁਣ 8-8 ਗੋਲ ਦਰਜ ਹਨ। ਹਾਲਾਂਕਿ, ਐਮਬਾਪੇ ਦੇ ਖਾਤੇ ਵਿੱਚ 3 ਅਸਿਸਟ ਵੀ ਹਨ, ਜਿਸ ਕਾਰਨ ਉਹ ਗੋਲਡਨ ਬੂਟ ਦੀ ਦੌੜ ਵਿੱਚ ਮੇਸੀ ਤੋਂ ਅੱਗੇ ਨਿਕਲ ਗਿਆ ਹੈ। ਮੇਸੀ ਨੇ ਇਸ ਟੂਰਨਾਮੈਂਟ ਵਿੱਚ 8 ਗੋਲਾਂ ਦੇ ਨਾਲ 1 ਅਸਿਸਟ ਕੀਤੀ ਹੈ।
ਸਭ ਵਿਸ਼ਵ ਕੱਪ ਟੂਰਨਾਮੈਂਟਾਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਐਮਬਾਪੇ ਦੇ ਨਾਮ ਹੁਣ 20 ਗੋਲ ਹੋ ਚੁੱਕੇ ਹਨ। ਇਸ ਮਾਮਲੇ ਵਿੱਚ ਉਹ ਮੇਸੀ ਦੇ ਬਿਲਕੁਲ ਨੇੜੇ ਪਹੁੰਚ ਗਏ ਹਨ, ਜਿਸ ਦੇ ਨਾਮ 21 ਵਿਸ਼ਵ ਕੱਪ ਗੋਲ ਦਰਜ ਹਨ।
ਦੂਜੇ ਪਾਸੇ, ਮੋਰੋਕੋ ਦੀ ਹਾਰ ਨਾਲ ਟੂਰਨਾਮੈਂਟ ਵਿੱਚ ਅਫਰੀਕਾ ਦੀ ਆਖਰੀ ਉਮੀਦ ਵੀ ਖਤਮ ਹੋ ਗਈ ਹੈ। ਮੋਰੋਕੋ ਨੇ ਇਸ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਸੈਮੀਫਾਈਨਲ ਤੋਂ ਇੱਕ ਕਦਮ ਪਹਿਲਾਂ ਉਸਦਾ ਸਫ਼ਰ ਸਮਾਪਤ ਹੋ ਗਿਆ।












