ਹਰਿਆਣਾ: ਵਿਧਾਨ ਸਭਾ ਬਜਟ ਸੈਸ਼ਨ ਦੇ ਪਹਿਲੇ ਦਿਨ ਟਰਾਂਸਪੋਰਟ ਮੰਤਰੀ ਅਨਿਲ ਵਿਜ ਸਮੇਤ ਚਾਰ ਵਿਧਾਇਕ ਵਿਧਾਨ ਸਭਾ ਵਿੱਚੋਂ ਗੈਰਹਾਜ਼ਰ ਰਹੇ। ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਦੱਸਿਆ ਕਿ ਉਨ੍ਹਾਂ ਨੂੰ ਈ-ਮੇਲ ਰਾਹੀਂ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਸਿਹਤ ਕਾਰਨਾਂ ਕਰਕੇ 2 ਮਾਰਚ ਤੱਕ ਛੁੱਟੀ ਦੀ ਬੇਨਤੀ ਕੀਤੀ ਹੈ। ਦਰਅਸਲ , ਹਾਲ ਹੀ ਵਿੱਚ ਅਨਿਲ ਵਿਜ ਦੀਆਂ ਦੋਵੇਂ ਲੱਤਾਂ ਵਿੱਚ ਫ੍ਰੈਕਚਰ ਹੋਇਆ ਹੈ ਅਤੇ ਡਾਕਟਰਾਂ ਨੇ ਵਿਜ ਨੂੰ ਚਾਰ ਹਫ਼ਤਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਇਸੇ ਤਰ੍ਹਾਂ ਵਿਧਾਇਕ ਪ੍ਰਮੋਦ ਵਿਜ ਨੇ ਪਰਿਵਾਰਕ ਵਿਆਹ ਕਾਰਨ 23 ਫਰਵਰੀ ਤੱਕ ਛੁੱਟੀ ਦੀ ਬੇਨਤੀ ਕਰਦੇ ਹੋਏ ਸਪੀਕਰ ਨੂੰ ਪੱਤਰ ਭੇਜਿਆ ਹੈ। ਇਸ ਦੇ ਇਲਾਵਾ ਵਿਧਾਇਕ ਮੰਜੂ ਚੌਧਰੀ ਅਤੇ ਵਿਧਾਇਕ ਚੰਦਰਪ੍ਰਕਾਸ਼ ਨੇ ਵੀ ਵਿਆਹਾਂ ਕਾਰਨ ਛੁੱਟੀ ਲਈ ਅਰਜ਼ੀ ਦਿੱਤੀ ਸੀ। ਵਿਧਾਨ ਸਭਾ ਸਪੀਕਰ ਨੇ ਸਦਨ ਵਿੱਚ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੱਤੀ। ਸਪੀਕਰ ਨੇ ਕਿਹਾ ਕਿ ਸ਼ਿਆਮ ਸਿੰਘ ਰਾਣਾ 78 ਸਾਲ ਦੇ ਹੋ ਗਏ ਹਨ । ਇਸ ‘ਤੇ ਸਦਨ ਵਿੱਚ ਮੌਜੂਦ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੇ ਸ਼ਿਆਮ ਸਿੰਘ ਰਾਣਾ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੱਤੀ।
ਸਦਨ ਵਿੱਚ ਮਾਰਸ਼ਲ ਦੀ ਜਗ੍ਹਾਂ ਤਾਇਨਾਤ ਹੋਏ ਪੁਲਿਸ ਅਫ਼ਸਰ :ਵਿਧਾਨਸਭਾ ਬਜਟ ਸੈਸ਼ਨ ਵਿੱਚ ਲੰਬੇ ਸਮੇਂ ਬਾਅਦ ਸਪੀਕਰ ਦੀ ਸੀਟ ਦੇ ਪਿੱਛੇ ਮਾਰਸ਼ਲਾਂ ਦੀ ਜਗ੍ਹਾਂ ਪੁਲਿਸ ਅਫ਼ਸਰ ਦਿਖਾਈ ਦਿੱਤੇ । ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਮਾਰਸ਼ਲ ਹੀ ਸਪੀਕਰ ਦੀ ਸੀਟ ਦੇ ਪਿੱਛੇ ਨਜ਼ਰ ਆ ਰਹੇ ਹਨ ,ਪਰ ਇਸ ਵਾਰ ਸਪੀਕਰ ਨੇ ਸਿਸਟਮ ਵਿੱਚ ਬਦਲਾਅ ਕਰਦੇ ਹੋਏ ਹਰਿਆਣਾ ਪੁਲਿਸ ਦੇ 2 ਡੀ.ਐਸ.ਪੀ. ਦੀ ਡਿਊਟੀ ਲਗਾਈ ਹੈ ।
ਸੈਸ਼ਨ ਦੇ ਪਹਿਲੇ ਦਿਨ ਦੋਵੇਂ ਪੁਲਿਸ ਅਧਿਕਾਰੀ ਮਾਰਸ਼ਲ ਵਜੋਂ ਡਿਊਟੀ ‘ਤੇ ਸਨ। ਦੱਸਿਆ ਗਿਆ ਕਿ 1966 ਤੋਂ 2019 ਤੱਕ, ਪੁਲਿਸ ਅਧਿਕਾਰੀ ਵਿਧਾਨ ਸਭਾ ਵਿੱਚ ਮਾਰਸ਼ਲ ਵਜੋਂ ਤਾਇਨਾਤ ਸਨ, ਜਿੱਥੇ ਬਾਅਦ ਵਿੱਚ ਤਤਕਾਲੀ ਸਪੀਕਰ ਨੇ ਵਿਧਾਨ ਸਭਾ ਕਰਮਚਾਰੀਆਂ ਨੂੰ ਮਾਰਸ਼ਲ ਵਜੋਂ ਤਾਇਨਾਤ ਕੀਤਾ। ਇਸ ਲਈ, ਇਸ ਵਾਰ ਸਪੀਕਰ ਕਲਿਆਣ ਨੇ ਪੁਰਾਣੀ ਪ੍ਰਣਾਲੀ ਨੂੰ ਬਦਲ ਦਿੱਤਾ ਅਤੇ ਪੁਲਿਸ ਅਧਿਕਾਰੀ ਤਾਇਨਾਤ ਕੀਤੇ।











