Home ਪੰਜਾਬ ਰੋਪੜ ‘ਚ ਬੱਸ ਖੱਡ ‘ਚ ਡਿੱਗੀ, ਚਾਰ ਦੀ ਮੌਤ, ਸੱਤ ਜ਼ਖ਼ਮੀ

ਰੋਪੜ ‘ਚ ਬੱਸ ਖੱਡ ‘ਚ ਡਿੱਗੀ, ਚਾਰ ਦੀ ਮੌਤ, ਸੱਤ ਜ਼ਖ਼ਮੀ

0
ਰੋਪੜ: ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇਅ ’ਤੇ ਦੇਹਣੀ ਮਸੇਵਾਲ ਪਿੰਡ ਨੇੜੇ ਬੁੱਧਵਾਰ ਨੂੰ ਦਰਦਨਾਕ ਸੜਕ ਹਾਦਸਾ ਵਾਪਰਿਆ। ਕੁੱਲੂ ਤੋਂ ਵਾਪਸ ਆ ਰਹੀ ਡੀਜੇ ਸਾਊਂਡ ਸਿਸਟਮ ਵਾਲੀ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੇ ਰੋਪੜ ਦੇ ਰਹਿਣ ਵਾਲੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਮੁੱਢਲੀ ਜਾਣਕਾਰੀ ਅਨੁਸਾਰ, ਗੱਡੀ ਵਿੱਚ ਸਵਾਰ ਲੋਕ ਕੁੱਲੂ ਦੇ ਦੁਸਹਿਰਾ ਸਮਾਗਮ ਵਿੱਚ ਸਾਊਂਡ ਸਿਸਟਮ ਲਗਾਉਣ ਤੋਂ ਬਾਅਦ ਪੰਜਾਬ ਵਾਪਸ ਆ ਰਹੇ ਸਨ। ਇਸੇ ਦੌਰਾਨ ਦੇਹਣੀ ਮਸੇਵਾਲ ਨੇੜੇ ਗੱਡੀ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਸਥਾਨਕ ਲੋਕਾਂ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ।

ਖੱਡ ਡੂੰਘੀ ਹੋਣ ਅਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਜਾਣ ਕਾਰਨ ਬਚਾਅ ਟੀਮ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ। ਲਾਸ਼ਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਵਿੱਚ ਗੱਡੀ ਬੇਕਾਬੂ ਹੋਣ ਦੀ ਗੱਲ ਸਾਹਮਣੇ ਆਈ ਹੈ, ਪਰ ਹਾਦਸਾ ਕਿਹੜੇ ਹਾਲਾਤਾਂ ਵਿੱਚ ਵਾਪਰਿਆ, ਇਸ ਬਾਰੇ ਅੰਤਿਮ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version