Homeਦੇਸ਼ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ 'ਤੇ ਪਹਿਲੀ ਵਾਰ ਉਤਰੇ ਭਾਰਤੀ ਫ਼ੌਜ ਦੇ ਚਾਰ ਜਹਾਜ਼

ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ‘ਤੇ ਪਹਿਲੀ ਵਾਰ ਉਤਰੇ ਭਾਰਤੀ ਫ਼ੌਜ ਦੇ ਚਾਰ ਜਹਾਜ਼

ਅੰਮ੍ਰਿਤਸਰ: ਦੇਸ਼ ਵਿੱਚ ਸਿਵਲ ਅਤੇ ਫ਼ੌਜੀ ਤਾਲਮੇਲ ਦੀ ਇੱਕ ਬੇਮਿਸਾਲ ਤੇ ਇਤਿਹਾਸਕ ਉਦਾਹਰਨ ਪੇਸ਼ ਕਰਦਿਆਂ ਭਾਰਤੀ ਥਲ ਸੈਨਾ ਦੇ ਚਾਰ ‘ਮਾਈਕ੍ਰੋਲਾਈਟ’ ਜਹਾਜ਼ਾਂ ਨੇ ਗੁਜਰਾਤ ਦੇ ਪਾਟਨ ਜ਼ਿਲ੍ਹੇ ਵਿਖੇ ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ (ਐੱਨ.ਐੱਚ.-754 ਏ) ਦੇ ਇੱਕ ਹਿੱਸੇ ‘ਤੇ ਸਫਲਤਾਪੂਰਵਕ ਲੈਂਡਿੰਗ ਕਰਕੇ ਮੁੜ ਉਡਾਣ ਭਰੀ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਐਕਸ’ (X) ‘ਤੇ ਇਸ ਇਤਿਹਾਸਕ ਅਭਿਆਸ ਦੀ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਭਾਰਤੀ ਫ਼ੌਜ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਸ਼ਾਨਦਾਰ ਆਪਸੀ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਸਫਲ ਪ੍ਰਦਰਸ਼ਨ ਸਾਬਤ ਕਰਦਾ ਹੈ ਕਿ ਦੇਸ਼ ਦੇ ਆਧੁਨਿਕ ਰਾਸ਼ਟਰੀ ਰਾਜਮਾਰਗ ਨਾ ਸਿਰਫ਼ ਆਵਾਜਾਈ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੰਦੇ ਹਨ, ਸਗੋਂ ਐਮਰਜੈਂਸੀ ਹਾਲਾਤਾਂ ਵਿੱਚ ਹਥਿਆਰਬੰਦ ਬਲਾਂ ਦੀਆਂ ਰਣਨੀਤਕ ਤੇ ਸੰਚਾਲਨ ਲੋੜਾਂ ਨੂੰ ਪੂਰਾ ਕਰਨ ਦੇ ਵੀ ਪੂਰੀ ਤਰ੍ਹਾਂ ਸਮਰੱਥ ਹਨ।

ਪ੍ਰਾਪਤ ਵੇਰਵਿਆਂ ਅਨੁਸਾਰ, ਭਾਰਤੀ ਫ਼ੌਜ ਦੀ ਕੌਮੀ ਉਡਾਣ ਮੁਹਿੰਮ ‘ਵਿੰਗਜ਼ ਆਫ਼ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ 2026’ ਤਹਿਤ ਪ੍ਰਸਿੱਧ ਏਅਰੋ-ਐਡਵੈਂਚਰ ਟੀਮ ‘ਟੀਮ ਮਾਊਂਟੇਨ ਈਗਲਜ਼’ ਦੇ ਚਾਰ ਜਹਾਜ਼ਾਂ—ਜਿਨ੍ਹਾਂ ਵਿੱਚ ਦੋ ਫਿਕਸਡ-ਵਿੰਗ ਮਾਈਕ੍ਰੋਲਾਈਟ ਜਹਾਜ਼ ਅਤੇ ਦੋ ਫਲੈਕਸੀਬਲ-ਵਿੰਗ ਪਾਵਰਡ ਹੈਂਗ ਗਲਾਈਡਰ ਸ਼ਾਮਲ ਸਨ—ਨੇ ਕਾਂਡਲਾ ਹਵਾਈ ਅੱਡੇ ਤੋਂ ਉਡਾਣ ਭਰ ਕੇ ਇਸ ਆਰਥਿਕ ਲਾਂਘੇ ਦੇ ਚੇਨੇਜ ਕਿਲੋਮੀਟਰ 946 ਅਤੇ ਕਿਲੋਮੀਟਰ 949 ਦਰਮਿਆਨ ਸਟੀਕ ਲੈਂਡਿੰਗ ਕੀਤੀ। ਲੈਂਡਿੰਗ ਉਪਰੰਤ ਹਾਈਵੇਅ ‘ਤੇ ਹੀ ਇਨ੍ਹਾਂ ਜਹਾਜ਼ਾਂ ਵਿੱਚ ਤੇਜ਼ੀ ਨਾਲ ਈਂਧਨ ਭਰਿਆ ਗਿਆ, ਜਿਸ ਤੋਂ ਬਾਅਦ ਇਨ੍ਹਾਂ ਨੇ ਸੁਰੱਖਿਅਤ ਮੁੜ ਉਡਾਣ ਭਰੀ।

ਜ਼ਿਕਰਯੋਗ ਹੈ ਕਿ ਮਿਲਟਰੀ ਕਾਲਜ ਆਫ਼ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ (MCTE), ਮਹੂ ਵੱਲੋਂ 14 ਨਵੰਬਰ ਨੂੰ ਸ਼ੁਰੂ ਕੀਤੀ ਗਈ ਇਹ ਮੁਹਿੰਮ ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਤੋਂ ਹੁੰਦੀ ਹੋਈ 28 ਨਵੰਬਰ ਨੂੰ ਸਮਾਪਤ ਹੋਵੇਗੀ। ਕੇਂਦਰੀ ਮੰਤਰੀ ਨੇ ਇਸ ਕਾਮਯਾਬੀ ਲਈ ਫ਼ੌਜ ਦੀ ਟੀਮ, ਐੱਨ.ਐੱਚ.ਏ.ਆਈ. ਅਤੇ ਸਥਾਨਕ ਪ੍ਰਸ਼ਾਸਨ ਨੂੰ ਵਧਾਈ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments