ਛਤਰਪੁਰ: ਮੱਧ ਪ੍ਰਦੇਸ਼ ਦੀ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਥਿਤ ਤੌਰ ‘ਤੇ ਸਾਈਬਰ ਧੋਖਾਧੜੀ ਰਾਹੀਂ ਪ੍ਰਾਪਤ ਕੀਤੇ ਪੈਸੇ ਨੂੰ ਲਾਂਡਰ ਕਰਨ ਲਈ ਫਰਜ਼ੀ ਖਾਤਿਆਂ ਦੀ ਵਰਤੋਂ ਕਰਦਾ ਸੀ। ਪੁਲਿਸ ਦੇ ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲੇ ਵਿੱਚ ਜਾਂਚ ਦੇ ਦੌਰਾਨ ਵੱਖ-ਵੱਖ ਰਾਜਾਂ ਵਿੱਚ ਦਰਜ ਲਗਭਗ 50 ਸ਼ਿਕਾਇਤਾਂ ਨਾਲ ਸਬੰਧਤ ਕਰੀਬ 80 ਲੱਖ ਰੁਪਏ ਦੇ ਲੈਣ -ਦੇਣ ਦਾ ਵੀ ਪਤਾ ਚੱਲਿਆ ਹੈ ।
ਪੁਲਿਸ ਅਨੁਸਾਰ ਇਨ੍ਹਾਂ ਲੈਣ-ਦੇਣ ਨਾਲ ਸਬੰਧਤ ਸ਼ਿਕਾਇਤਾਂ ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਤੇਲੰਗਾਨਾ, ਤਾਮਿਲਨਾਡੂ, ਦਿੱਲੀ, ਬਿਹਾਰ ਅਤੇ ਝਾਰਖੰਡ ਸਮੇਤ ਵੱਖ-ਵੱਖ ਰਾਜਾਂ ਵਿੱਚ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਮੁਲਜ਼ਮਾਂ ਦੇ ਪੱਛਮੀ ਬੰਗਾਲ, ਉੱਤਰਾਖੰਡ ਅਤੇ ਮਹਾਰਾਸ਼ਟਰ ਵਿੱਚ ਨੈੱਟਵਰਕ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ।
ਪੁਲਿਸ ਅਨੁਸਾਰ ਇਹ ਗਰੋਹ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਰੇਟਿੰਗ ਵਧਾਉਣ ਦਾ ਕੰਮ ਕਰਨ ਦਾ ਝਾਂਸਾ ਦੇ ਕੇ ਅਤੇ ਰਕਮ ਦੁੱਗਣੀ ਕਰਨ ਦਾ ਲਾਲਚ ਦੇ ਕੇ ਸਾਈਬਰ ਧੋਖਾਧੜੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨਾਲ 28 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਇੰਸਟਾਗ੍ਰਾਮ ਇਸ਼ਤਿਹਾਰਾਂ ਰਾਹੀਂ ਲੋਕਾਂ ਤੋਂ ਬੈਂਕ ਖਾਤੇ ਕਿਰਾਏ ‘ਤੇ ਲਏ, ਉਨ੍ਹਾਂ ਵਿੱਚ ਸਾਈਬਰ ਧੋਖਾਧੜੀ ਦੀ ਰਕਮ ਜਮ੍ਹਾ ਕੀਤੀ ਅਤੇ ਪੈਸੇ ਨੂੰ ਤੇਜ਼ੀ ਨਾਲ ਦੂਜੇ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਇਹ ਵੀ ਸੰਕੇਤ ਮਿਲੇ ਹਨ ਕਿ ਪੈਸੇ ਨੂੰ ਕ੍ਰਿਪਟੋਕਰੰਸੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਸ਼ੱਕੀ ਬੈਂਕ ਖਾਤਿਆਂ ‘ਚ 80 ਲੱਖ ਰੁਪਏ ਦੇ ਸਾਈਬਰ ਕ੍ਰਾਈਮ ਲੈਣ-ਦੇਣ ਦਾ ਪਤਾ ਲੱਗਾ ਹੈ।
ਪੁਲਿਸ ਸੁਪਰਡੈਂਟ ਰਜਤ ਸਕਲੇਚਾ ਨੇ ਦੱਸਿਆ ਕਿ ਮੋਹਿਤ ਚੌਬੇ ਨਾਂ ਦੇ ਵਿਅਕਤੀ ਨੇ ਹਾਲ ਹੀ ‘ਚ ਖਜੂਰਾਹੋ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਰੇਟਿੰਗ ਵਧਾ ਕੇ ਪੈਸੇ ਦੁੱਗਣੇ ਕਰਨ ਦੀ ਪੇਸ਼ਕਸ਼ ਨਾਲ ਕਰੀਬ 28 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ ਜਿਸ ਨੇ ਧੋਖਾਧੜੀ ਵਿੱਚ ਵਰਤੇ ਗਏ ਤਕਨੀਕੀ ਸਬੂਤਾਂ, ਬੈਂਕ ਖਾਤਿਆਂ, ਔਨਲਾਈਨ ਲੈਣ-ਦੇਣ ਅਤੇ ਸੰਚਾਰ ਸਾਧਨਾਂ ਦਾ ਵਿਸ਼ਲੇਸ਼ਣ ਕੀਤਾ ਸੀ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਨਰਸਿੰਘਪੁਰ ਜ਼ਿਲ੍ਹੇ ਦੇ ਗੋਟੇਗਾਓਂ ਖੇਤਰ ਵਿੱਚ ਸੰਚਾਲਿਤ ਇੱਕ ਗਰੋਹ ਦੀ ਕਥਿਤ ਸ਼ਮੂਲੀਅਤ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਮੁਹਿੰਮ ਚਲਾਈ ਅਤੇ ਬੀਤੇ ਦਿਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਪਏ ਡੇਢ ਲੱਖ ਰੁਪਏ ਫਰੀਜ਼ ਕਰ ਲਏ ਹਨ ਅਤੇ ਉਨ੍ਹਾਂ ਕੋਲੋਂ ਕਈ ਏ.ਟੀ.ਐਮ. ਕਾਰਡ, ਬੈਂਕ ਖਾਤੇ ਖੋਲ੍ਹਣ ਲਈ ਵਰਤੇ ਜਾਂਦੇ ਦੋ ਮੋਬਾਈਲ ਫੋਨ ਅਤੇ 38 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ।
ਸਕਲੇਚਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ੁਭਮ ਉਰਫ ਸ਼ਿਵਮ ਪਟੇਲ, ਨੀਰਜ ਪਟੇਲ, ਕੈਲਾਸ਼ ਉਰਫ ਕੇਵਲ ਰਜਕ ਅਤੇ ਹੀਰਾਲਾਲ ਉਰਫ ਸੰਦੀਪ ਰਜਕ ਵਾਸੀ ਗੋਟੇਗਾਓਂ, ਨਰਸਿੰਘਪੁਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਗਰੋਹ ਦੇ ਹੋਰ ਸ਼ੱਕੀਆਂ ਦੀ ਭੂਮਿਕਾ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।











