ਕੋਲਕਾਤਾ : ਸਾਬਕਾ ਰੇਲ ਮੰਤਰੀ ਮੁਕੁਲ ਰਾਏ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਰਾਤ ਕਰੀਬ 2:35 ਵਜੇ ਦੇਹਾਂਤ ਹੋਇਆ ਹੈ। ਮੁਕੁਲ ਰਾਏ 72 ਸਾਲ ਦੇ ਸਨ। ਉਹ ਲੰਬੇ ਸਮੇਂ ਤੋਂ ਕੋਲਕਾਤਾ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਸਨ। ਮੁਕੁਲ ਰਾਏ ਪਿਛਲੇ ਕੁਝ ਮਹੀਨਿਆਂ ਤੋਂ ਕੋਮਾ ਵਿੱਚ ਸਨ। ਡਾਕਟਰਾਂ ਨੇ ਦੱਸਿਆ ਕਿ ਟੀਐਮਸੀ ਦੇ ਨੇਤਾ ਦੀ ਮੌਤ ਕਾਰਡੀਅਕ ਅਰੈਸਟ ਨਾਲ ਹੋਈ ਹੈ।
ਲੰਬੀ ਸਮੇਂ ਤੋਂ ਸਨ ਬੀਮਾਰ
ਪਿਛਲੇ ਕੁਝ ਸਾਲਾਂ ਵਿੱਚ ਵਿਗੜਦੀ ਸਿਹਤ ਕਾਰਨ ਮੁਕੁਲ ਰਾਏ ਸਰਗਰਮ ਰਾਜਨੀਤੀ ਤੋਂ ਦੂਰ ਹੋ ਗਏ ਸਨ। ਡਾਕਟਰਾਂ ਨੇ 2023 ਦੀ ਸ਼ੁਰੂ ਵਿੱਚ ਪੁਸ਼ਟੀ ਕੀਤੀ ਸੀ ਕਿ ਉਹ ਡਿਮੇਂਸ਼ੀਆ ਅਤੇ ਪਾਰਕਿੰਸਨ’ਸ ਬਿਮਾਰੀ ਤੋਂ ਪੀੜਤ ਸਨ, ਇਸ ਦੇ ਕਾਰਨ ਉਨ੍ਹਾਂ ਦੀ ਯਾਦਦਾਸ਼ਤ ਅਤੇ ਸਰੀਰਕ ਯੋਗਤਾਵਾਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋਈਆਂ।
ਮਮਤਾ ਦੇ ਬਾਅਦ ਟੀ.ਐਮ.ਸੀ. ਦੇ ਸਨ ਸਭ ਤੋਂ ਵੱਡੇ ਨੇਤਾ
ਟੀਐਮਸੀ ਵਿੱਚ ਉਹ ਲੰਬੇ ਸਮੇਂ ਤੱਕ, ਮਮਤਾ ਬੈਨਰਜੀ ਤੋਂ ਬਾਅਦ ਨੰਬਰ 2 ਮੰਨੇ ਜਾਂਦੇ ਸਨ। ਉਨ੍ਹਾਂ ਨੂੰ ਪਾਰਟੀ ਦਾ ਕ੍ਰਾਈਸਿਸ ਮੈਨੇਜਰ ਅਤੇ ਰਣਨੀਤੀਕਾਰ ਕਿਹਾ ਜਾਦਾ ਸੀ। ਉਹ ਚੋਣ ਰਣਨੀਤੀਆਂ ਬਣਾਉਣ, ਸੰਕਟਾਂ ਨੂੰ ਸੰਭਾਲਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਦੇ ਸਨ।
ਟੀਐਮਸੀ ਅਤੇ ਭਾਜਪਾ ਦੋਵੇਂ ਜਗ੍ਹਾਂ ਦੀ ਰਾਜਨੀਤੀ
2010 ਦੇ ਦਹਾਕੇ ਵਿੱਚ ਟੀਐਮਸੀ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਵਿਗੜ ਗਏ। ਖਾਸ ਕਰਕੇ ਸ਼ਾਰਦਾ ਚਿੱਟ ਫੰਡ ਘੁਟਾਲੇ ਵਰਗੇ ਮੁੱਦਿਆਂ ਤੋਂ ਬਾਅਦ ਉਹ ਟੀਐਮਸੀ ਤੋਂ ਦੂਰ ਹੋ ਗਏ । ਫਰਵਰੀ 2015 ਵਿੱਚ, ਪਾਰਟੀ ਨੇ ਉਨ੍ਹਾਂ ਨੂੰ ਰਾਸ਼ਟਰੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ। ਸਤੰਬਰ 2017 ਵਿੱਚ, ਉਨ੍ਹਾਂ ਨੇ ਟੀਐਮਸੀ ਤੋਂ ਅਸਤੀਫਾ ਦੇ ਦਿੱਤਾ ਅਤੇ ਨਵੰਬਰ 2017 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਹਾਲਾਂਕਿ, ਉਹ ਜੂਨ 2021 ਵਿੱਚ ਟੀਐਮਸੀ ਵਿੱਚ ਵਾਪਸ ਆ ਗਏ।
ਰਾਜਨੀਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ
ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ “ਬੰਗਾਲ ਦੇ ਚਾਣਕਿਆ” ਵਜੋਂ ਜਾਣੇ ਜਾਂਦੇ ਮੁਕੁਲ ਰਾਏ ਦੇ ਦੇਹਾਂਤ ਨੇ ਰਾਜਨੀਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਜਾਣ ਨਾਲ ਟੀਐਮਸੀ ਅਤੇ ਬੰਗਾਲ ਦੀ ਰਾਜਨੀਤੀ ਵਿੱਚ ਇੱਕ ਯੁੱਗ ਦੇ ਅੰਤ ਮੰਨਿਆ ਜਾਦਾ ਹੈ।
