ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਅੱਜ ਦੇਹਾਂਤ ਹੋ ਗਿਆ। 79 ਸਾਲਾ ਮਲਿਕ ਨੇ ਦਿੱਲੀ ਦੇ ਰਾਮ ਮਨੋਹਰ ਲੋਹੀਆ (ਆਰ.ਐਮ.ਐਲ) ਹਸਪਤਾਲ ਵਿੱਚ ਦੁਪਹਿਰ 1:10 ਵਜੇ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਹ ਬਿਹਾਰ, ਜੰਮੂ-ਕਸ਼ਮੀਰ, ਮੇਘਾਲਿਆ ਅਤੇ ਗੋਆ ਵਿੱਚ ਰਾਜਪਾਲ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਸਾਬਕਾ ਰਾਜਪਾਲ ਦੇ ਐਕਸ ਹੈਂਡਲ ਤੋਂ ਹੀ ਦਿੱਤੀ ਗਈ ਹੈ। ਲਿਖਿਆ ਸੀ ਕਿ ‘ਸਾਬਕਾ ਰਾਜਪਾਲ ਚੌਧਰੀ ਸੱਤਿਆਪਾਲ ਸਿੰਘ ਮਲਿਕ ਹੁਣ ਨਹੀਂ ਰਹੇ।’
ਮਲਿਕ ਨੂੰ 30 ਸਤੰਬਰ 2017 ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਅਗਸਤ 2018 ਵਿੱਚ ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਅਹੁਦੇ ‘ਤੇ ਭੇਜਿਆ ਗਿਆ ਅਤੇ ਫਿਰ 2020 ਵਿੱਚ ਮੇਘਾਲਿਆ ਭੇਜਿਆ ਗਿਆ। ਸਤਿਆਪਾਲ ਮਲਿਕ ਦਾ ਜਨਮ 24 ਜੁਲਾਈ 1946 ਨੂੰ ਬਾਗਪਤ ਜ਼ਿਲ੍ਹੇ ਵਿੱਚ ਹੋਇਆ ਸੀ ਅਤੇ ਭਾਰਤੀ ਕ੍ਰਾਂਤੀ ਦਲ, ਭਾਰਤੀ ਰਾਸ਼ਟਰੀ ਕਾਂਗਰਸ, ਜਨਤਾ ਦਲ, ਲੋਕ ਦਲ ਅਤੇ ਸਮਾਜਵਾਦੀ ਪਾਰਟੀ ਵਰਗੀਆਂ ਰਾਜਨੀਤਿਕ ਪਾਰਟੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਏ ਸਨ। ਮਲਿਕ 1989 ਵਿੱਚ ਅਲੀਗੜ੍ਹ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਇਸ ਤੋਂ ਪਹਿਲਾਂ ਉਹ 1980 ਤੋਂ 1989 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ ਸਨ।











