ਜਕਾਰਤਾ: ਇੰਡੋਨੇਸ਼ੀਆ ਵਿੱਚ ਇੱਕ ਗੈਰ-ਕਾਨੂੰਨੀ ਸੋਨੇ ਦੀ ਖਾਨ ਵਿੱਚ ਪਾਣੀ ਭਰਨ ਕਾਰਨ ਵੱਡਾ ਹਾਦਸਾ ਵਾਪਰ ਗਿਆ। ਬਚਾਅ ਟੀਮਾਂ ਨੇ ਮਲਬੇ ਅਤੇ ਪਾਣੀ ਨਾਲ ਭਰੀਆਂ ਖਾਨਾਂ ਦੀਆਂ ਸੁਰੰਗਾਂ ਵਿੱਚੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਹਾਦਸੇ ਵਿੱਚ ਹੁਣ ਤੱਕ 9 ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 17 ਹੋਰ ਮਜ਼ਦੂਰਾਂ ਦੇ ਅੰਦਰ ਫਸੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਦੇਰ ਰਾਤ ਪੱਛਮੀ ਜਾਵਾ ਸੂਬੇ ਦੇ ਬੋਗੋਰ ਰੀਜੈਂਸੀ ਵਿੱਚ ਮਜ਼ਦੂਰ ਸੋਨੇ ਦੀ ਖੁਦਾਈ ਕਰ ਰਹੇ ਸਨ। ਇਸ ਦੌਰਾਨ ਭਾਰੀ ਮੀਂਹ ਕਾਰਨ ਸੀਸੇਉਰੇਹ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਅਤੇ ਪਾਣੀ ਖਾਨ ਦੀਆਂ ਸੁਰੰਗਾਂ ਵਿੱਚ ਦਾਖ਼ਲ ਹੋ ਗਿਆ। ਜਕਾਰਤਾ ਤੋਂ ਦੱਖਣ ਵੱਲ ਪਹਾੜੀ ਖੇਤਰ ਵਿੱਚ ਸਥਿਤ ਇਹ ਖਾਨ ਲਗਭਗ 100 ਮੀਟਰ ਡੂੰਘੀ ਦੱਸੀ ਜਾ ਰਹੀ ਹੈ।
ਪੱਛਮੀ ਜਾਵਾ ਪੁਲਿਸ ਦੇ ਬੁਲਾਰੇ ਹੇਂਦਰਾ ਰੋਚਮਾਵਾਨ ਮੁਤਾਬਕ, ਖਾਨ ਵਿੱਚ ਪਾਣੀ ਭਰਨ ਤੋਂ ਪਹਿਲਾਂ 11 ਮਜ਼ਦੂਰ ਬਾਹਰ ਨਿਕਲਣ ਵਿੱਚ ਸਫਲ ਰਹੇ ਸਨ। ਸ਼ੁਰੂ ਵਿੱਚ ਸਥਾਨਕ ਲੋਕਾਂ ਅਤੇ ਮਜ਼ਦੂਰਾਂ ਨੇ ਪੰਪਾਂ ਰਾਹੀਂ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਖੁਦਾਈ ਗੈਰ-ਕਾਨੂੰਨੀ ਹੋਣ ਕਾਰਨ ਕਿਸੇ ਨੇ ਵੀ ਤੁਰੰਤ ਅਧਿਕਾਰੀਆਂ ਨੂੰ ਸੂਚਨਾ ਨਹੀਂ ਦਿੱਤੀ।
ਬੋਗੋਰ ਆਫ਼ਤ ਪ੍ਰਬੰਧਨ ਏਜੰਸੀ ਦੇ ਐਮਰਜੈਂਸੀ ਸੇਵਾਵਾਂ ਮੁਖੀ ਐੱਮ. ਆਦਮ ਹਮਦਾਨੀ ਨੇ ਦੱਸਿਆ ਕਿ ਗੈਰ-ਕਾਨੂੰਨੀ ਗਤੀਵਿਧੀ ਹੋਣ ਕਾਰਨ ਲੋਕ ਸਾਹਮਣੇ ਆਉਣ ਤੋਂ ਝਿਜਕ ਰਹੇ ਸਨ ਅਤੇ ਇਸੇ ਕਰਕੇ ਪ੍ਰਸ਼ਾਸਨ ਨੂੰ ਸਮੇਂ ਸਿਰ ਜਾਣਕਾਰੀ ਨਹੀਂ ਮਿਲ ਸਕੀ।
16 ਘੰਟਿਆਂ ਬਾਅਦ ਪੁਲਿਸ ਨੂੰ ਮਿਲੀ ਹਾਦਸੇ ਦੀ ਸੂਚਨਾ
ਪੁਲਿਸ ਬੁਲਾਰੇ ਅਨੁਸਾਰ, ਹੜ੍ਹ ਆਉਣ ਤੋਂ ਕਰੀਬ 16 ਘੰਟਿਆਂ ਬਾਅਦ ਅਧਿਕਾਰੀਆਂ ਨੂੰ ਖਾਨ ਵਿੱਚ ਮਜ਼ਦੂਰਾਂ ਦੇ ਫਸੇ ਹੋਣ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ, ਫਾਇਰਫਾਈਟਰਾਂ ਅਤੇ ਹੋਰ ਏਜੰਸੀਆਂ ਨੇ ਮੁੱਢਲਾ ਜਾਇਜ਼ਾ ਲਿਆ।
ਸਰਕਾਰੀ ਮਾਈਨਿੰਗ ਕੰਪਨੀ ਪੀ.ਟੀ. ਐਂਟਮ ਨੇ ਅੱਧੀ ਰਾਤ ਤੋਂ ਕੁਝ ਸਮਾਂ ਬਾਅਦ ਜਕਾਰਤਾ ਦੀ ਖੋਜ ਅਤੇ ਬਚਾਅ ਏਜੰਸੀ ਨੂੰ ਰਸਮੀ ਰਿਪੋਰਟ ਸੌਂਪੀ। ਇਸ ਤੋਂ ਬਾਅਦ ਵੱਡੇ ਪੱਧਰ ’ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਟੀਮਾਂ ਵੱਲੋਂ ਪੰਪਾਂ ਦੀ ਮਦਦ ਨਾਲ ਖਾਨ ਵਿੱਚੋਂ ਪਾਣੀ ਕੱਢਣ ਅਤੇ ਜ਼ਮੀਨੀ ਪਾਣੀ ਦੇ ਅੰਦਰ ਆਉਣ ਵਾਲੇ ਰਸਤਿਆਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਕਾਰਤਾ ਖੋਜ ਅਤੇ ਬਚਾਅ ਏਜੰਸੀ ਦੀ ਮੁਖੀ ਡੇਸੀਆਨਾ ਕਾਰਤਿਕਾ ਬਹਾਰੀ ਨੇ ਦੱਸਿਆ ਕਿ ਖਾਨ ਅੰਦਰ ਪਾਣੀ ਦਾ ਪੱਧਰ ਹਾਲੇ ਘਟਿਆ ਨਹੀਂ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਬਾਹਰ ਕੱਢਣ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ। ਉਨ੍ਹਾਂ ਮੁਤਾਬਕ, ਪਾਣੀ ਦਾ ਉੱਚਾ ਪੱਧਰ, ਤੰਗ ਸੁਰੰਗਾਂ, ਤਿਲਕਣ ਵਾਲੇ ਰਸਤੇ ਅਤੇ ਰੌਸ਼ਨੀ ਦੀ ਕਮੀ ਬਚਾਅ ਕਾਰਜਾਂ ਵਿੱਚ ਵੱਡੀਆਂ ਰੁਕਾਵਟਾਂ ਬਣ ਰਹੀਆਂ ਹਨ।
325 ਕਰਮਚਾਰੀ ਬਚਾਅ ਮੁਹਿੰਮ ’ਚ ਜੁਟੇ
ਇਸ ਬਚਾਅ ਮੁਹਿੰਮ ਵਿੱਚ ਕਰੀਬ 325 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ, ਪੁਲਿਸ, ਫੌਜ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਵਲੰਟੀਅਰ ਸ਼ਾਮਲ ਹਨ।
ਸਭ ਤੋਂ ਪਹਿਲਾਂ ਇੱਕ ਮਜ਼ਦੂਰ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਤੋਂ ਲਗਭਗ ਇੱਕ ਘੰਟੇ ਬਾਅਦ ਦੋ ਹੋਰ ਲਾਸ਼ਾਂ ਮਿਲੀਆਂ। ਬਚਾਅ ਏਜੰਸੀ ਦੀ ਮੁਖੀ ਨੇ ਦੱਸਿਆ ਕਿ ਸ਼ਾਮ ਤੱਕ ਨਾਲ ਲੱਗਦੀਆਂ ਦੋ ਖਾਨਾਂ ਦੀਆਂ ਸੁਰੰਗਾਂ ਵਿੱਚੋਂ ਛੇ ਹੋਰ ਲਾਸ਼ਾਂ ਵੀ ਕੱਢ ਲਈਆਂ ਗਈਆਂ ਸਨ। ਹੁਣ ਤੱਕ ਮਿਲੀਆਂ ਸਾਰੀਆਂ 9 ਲਾਸ਼ਾਂ 30 ਤੋਂ 70 ਮੀਟਰ ਦੀ ਡੂੰਘਾਈ ਤੋਂ ਬਰਾਮਦ ਕੀਤੀਆਂ ਗਈਆਂ ਹਨ। ਦੂਜੇ ਪਾਸੇ, ਐਂਟਮ ਕੰਪਨੀ ਨੇ ਕਿਹਾ ਹੈ ਕਿ ਉਸ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਕੰਪਨੀ ਦਾ ਕੰਮਕਾਜ ਆਮ ਵਾਂਗ ਜਾਰੀ ਹੈ।
ਗੈਰ-ਕਾਨੂੰਨੀ ਖੁਦਾਈ ਰੋਕਣ ਲਈ ਡਰੋਨ ਤੇ ਕੈਮਰਿਆਂ ਦੀ ਵਰਤੋਂ
ਕੰਪਨੀ ਨੇ ਦੱਸਿਆ ਕਿ ਪੋਂਗਕੋਰ ਖੇਤਰ ਵਿੱਚ ਗੈਰ-ਕਾਨੂੰਨੀ ਖੁਦਾਈ ਵਾਲੀਆਂ ਥਾਵਾਂ ਤੱਕ ਪਹੁੰਚ ਰੋਕਣ ਲਈ ਪਹਿਲਾਂ ਵੀ ਕਈ ਵਾਰ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਗਸ਼ਤ, ਡਰੋਨ ਅਤੇ ਨਿਗਰਾਨੀ ਕੈਮਰਿਆਂ ਦੀ ਮਦਦ ਲਈ ਜਾਂਦੀ ਹੈ। ਕੰਪਨੀ ਦੇ ਬੁਲਾਰੇ ਵਿਸ਼ਨੂੰ ਦਾਨੰਦੀ ਹਰਯਾਂਤੋ ਨੇ ਕਿਹਾ ਕਿ ਐਂਟਮ ਮਨੁੱਖਤਾਵਾਦੀ ਆਧਾਰ ’ਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿੱਚ ਗੈਰ-ਅਧਿਕਾਰਤ ਖੁਦਾਈ ਦੇ ਮਾਮਲੇ ਆਮ ਹਨ। ਭਾਵੇਂ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ੀ-ਰੋਟੀ ਮਿਲਦੀ ਹੈ, ਪਰ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਮਜ਼ਦੂਰਾਂ ਦੀ ਜਾਨ ਨੂੰ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ। ਖਾਨਾਂ ਵਿੱਚ ਜ਼ਮੀਨ ਖਿਸਕਣ, ਪਾਣੀ ਭਰਨ ਅਤੇ ਸੁਰੰਗਾਂ ਢਹਿਣ ਵਰਗੇ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਸੋਨੇ ਦੀ ਧਾਤੂ ਨੂੰ ਸਾਫ਼ ਕਰਨ ਲਈ ਪਾਰਾ ਅਤੇ ਸਾਇਨਾਈਡ ਵਰਗੇ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਅਜਿਹੇ ਕੰਮਾਂ ਵਿੱਚ ਲੱਗੇ ਮਜ਼ਦੂਰਾਂ ਕੋਲ ਅਕਸਰ ਲੋੜੀਂਦੇ ਸੁਰੱਖਿਆ ਉਪਕਰਨ ਵੀ ਨਹੀਂ ਹੁੰਦੇ।
