ਕਾਠਮੰਡੂ: ਨੇਪਾਲ ‘ਚ ਇਕ ਸਕੂਲੀ ਬੱਸ ਦੇ ਖੜ੍ਹੀ ਪਹਾੜੀ ਤੋਂ 650 ਫੁੱਟ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 19 ਜ਼ਖਮੀ ਹੋ ਗਏ। ਅੱਜ ਪੋਖਰਾ ‘ਚ ਬੱਸ ਕੰਟਰੋਲ ਗਵਾਉਣ ਅਤੇ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ ਚਾਰ ਵਿਦਿਆਰਥੀ ਅਤੇ ਇੱਕ-ਇੱਕ ਵਿਦਿਆਰਥੀ ਦੇ ਪਿਤਾ ਦੀ ਮੌਤ ਹੋ ਗਈ।
ਇਸ ਭਿਆਨਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਤਿੰਨ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਸੀ , ਇਸ ਦੇ ਨਾਲ ਹੀ ਇੱਕ ਯਾਤਰੀ ਵੀ ਸੀ ਜਿਸਨੇ ਨੇ ਬੱਸ ਵਿੱਚ ਲਿਫਟ ਲਈ ਸੀ । ਮ੍ਰਿਤਕਾਂ ਵਿੱਚ ਮਮਤਾ ਤਿਵਾਰੀ(15) , ਅਸੀਮ ਕੰਡੇਲ (13), ਸੁਭਾਸ਼ ਤਿਵਾਰੀ (15) ਅਤੇ ਇੱਕ ਵਿਦਿਆਰਥੀ ਦੇ ਪਿਤਾ ਬਾਬੂਰਾਮ ਤਿਵਾਰੀ (65) ਸ਼ਾਮਲ ਹਨ। ਲਗਭਗ 15 ਸਾਲ ਦੀ ਇੱਕ ਹੋਰ ਵਿਦਿਆਰਥਣ ਦੀ ਪਹਿਚਾਣ ਹਾਲੇ ਤੱਕ ਨਹੀਂ ਹੋ ਸਕੀ ਹੈ । ਕਾਲਿਕਾ ਬੋਰਡਿੰਗ ਸਕੂਲ ਦੀ ਇਹ ਬੱਸ ਟਿਊਸ਼ਨ ਕਲਾਸਾਂ ਤੋਂ ਵਿਦਿਆਰਥੀਆਂ ਨੂੰ ਘਰ ਲੈ ਕੇ ਜਾ ਰਹੀ ਸੀ ਤਾਂ ਢਲਾਨ ਤੋਂ 650 ਫੁੱਟ ਹੇਠਾਂ ਡਿੱਗ ਗਈ। ਇਹ ਹਾਦਸਾ ਪੋਖਰਾ ਮੈਟਰੋਪੋਲੀਟਨ ਸਿਟੀ-28 ਦੇ ਮਜਠਾਣਾ ਨੇੜੇ ਬੀਜੇਪੁਰ ਆਰਮੀ ਬੈਰਕ ਦੇ ਬਿਲਕੁਲ ਉੱਤਰ ਵਿੱਚ ਵਾਪਰਿਆ।
ਐਮਰਜੈਂਸੀ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜ਼ਖਮੀ ਵਿਦਿਆਰਥੀਆਂ ਨੂੰ ਨੇੜੇ ਦੇ ਹਸਪਤਾਲਾਂ ‘ਚ ਪਹੁੰਚਾਇਆ। ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਦੀਪੇਂਦਰ ਜੀ.ਸੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਗੰਡਕੀ ਮੈਡੀਕਲ ਕਾਲਜ ਅਤੇ ਪੱਛਮੀ ਖੇਤਰੀ ਹਸਪਤਾਲ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਬਚਾਅ ਟੀਮਾਂ ਹੋਰ ਬਚੇ ਲੋਕਾਂ ਦੀ ਭਾਲ ਵਿਚ ਪਹਾੜੀਆਂ ‘ਤੇ ਖੋਜ ਕਰਦੀਆਂ ਰਹੀਆਂ। ਬਚਾਅ ਮੁਹਿੰਮ ਦੌਰਾਨ ਫਿਸਲਣ ਨਾਲ ਇੱਕ ਪੁਲਿਸ ਕਾਂਸਟੇਬਲ ਵੀ ਜ਼ਖਮੀ ਹੋ ਗਿਆ। ਇਹ ਘਟਨਾ ਇਸ ਸਾਲ ਨੇਪਾਲ ਵਿੱਚ ਵਾਪਰੇ ਕਈ ਭਿਆਨਕ ਬੱਸ ਹਾਦਸਿਆਂ ਤੋਂ ਬਾਅਦ ਆਈ ਹੈ।










