ਬਿਹਾਰ: ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪ੍ਰਾਈਵੇਟ ਸਕੂਲ ਦੇ ਬਾਹਰ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਵਾਪਰੀ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਸਕੂਲ ਦੇ ਮੁੱਖ ਗੇਟ ’ਤੇ ਪਹਿਲਾਂ ਇੱਕ ਨੋਟ/ਪੋਸਟਰ ਲਗਾਇਆ। ਇਸ ਵਿੱਚ ਸਕੂਲ ਪ੍ਰਬੰਧਕਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਮੰਗ ਪੂਰੀ ਨਾ ਕਰਨ ’ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਫਿਰੌਤੀ ਵਾਲਾ ਨੋਟ ਵੀ ਬਰਾਮਦ ਕਰ ਲਿਆ ਹੈ। ਮਾਮਲੇ ਦੀ ਜਾਂਚ ਦੌਰਾਨ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।
ਪੁਲਸ ਅਧਿਕਾਰੀਆਂ ਮੁਤਾਬਕ ਸਕੂਲ ਨਾਲ ਜੁੜੇ ਕਿਸੇ ਜ਼ਮੀਨੀ ਵਿਵਾਦ ਦੇ ਐਂਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਵਿੱਚ ਹੈਲਮੇਟ ਪਹਿਨੇ ਕੁਝ ਮੋਟਰਸਾਈਕਲ ਸਵਾਰ ਸਕੂਲ ਦੇ ਗੇਟ ’ਤੇ ਨੋਟ ਚਿਪਕਾਉਂਦੇ ਅਤੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ।
ਮੁਜ਼ੱਫਰਪੁਰ ਦੀ ਡਿਪਟੀ ਸੁਪਰਡੈਂਟ ਆਫ਼ ਪੁਲਸ (ਪੱਛਮੀ) ਸੁਚਿੱਤਰਾ ਕੁਮਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਹਮਲਾਵਰਾਂ ਦੀ ਪਛਾਣ ਕਰਨ ਅਤੇ ਘਟਨਾ ਦੇ ਪਿੱਛੇ ਅਸਲ ਕਾਰਨ ਪਤਾ ਲਗਾਉਣ ਲਈ ਜਾਂਚ ਜਾਰੀ ਹੈ।












