Home ਪੰਜਾਬ ਗੁਰਦਾਸਪੁਰ ‘ਚ ਸਾਬਕਾ ਸਰਪੰਚ ਦੇ ਭਰਾ ਦੇ ਘਰ ਫਾਇਰਿੰਗ…

ਗੁਰਦਾਸਪੁਰ ‘ਚ ਸਾਬਕਾ ਸਰਪੰਚ ਦੇ ਭਰਾ ਦੇ ਘਰ ਫਾਇਰਿੰਗ…

0

ਗੁਰਦਾਸਪੁਰ: ਗੁਰਦਾਸਪੁਰ ਨੇੜੇ ਪਿੰਡ ਨਵਾਂ ਪਿੰਡ ਸਰਦਾਰਾਂ ਵਿੱਚ ਦੇਰ ਰਾਤ ਫਾਇਰਿੰਗ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਕੁਝ ਵਿਅਕਤੀਆਂ ਨੇ ਸਾਬਕਾ ਸਰਪੰਚ ਰਜਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਦੇ ਘਰ ਅਤੇ ਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਕਰੀਬ 6 ਤੋਂ 7 ਰਾਊਂਡ ਫਾਇਰ ਕੀਤੇ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਵੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਕਥਿਤ ਤੌਰ ‘ਤੇ ਹਮਲਾਵਰਾਂ ਵੱਲ ਪੱਥਰਬਾਜ਼ੀ ਕੀਤੀ। ਇਸ ਤੋਂ ਬਾਅਦ ਹਮਲਾਵਰ ਦੋਵੇਂ ਗੱਡੀਆਂ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਨਾਲ ਸਬੰਧਤ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ ਫਾਇਰਿੰਗ ਤੋਂ ਬਾਅਦ ਹਮਲਾਵਰਾਂ ਦੀਆਂ ਗੱਡੀਆਂ ਉਥੋਂ ਜਾਂਦੀਆਂ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਪਿੰਡ ਵਾਸੀਆਂ ਵੱਲੋਂ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਵੀ ਹਮਲਾਵਰ ਨੂੰ ਮੌਕੇ ‘ਤੇ ਕਾਬੂ ਨਹੀਂ ਕੀਤਾ ਜਾ ਸਕਿਆ।

ਪੁਲਸ ਨੇ ਘਟਨਾ ਵਾਲੀ ਥਾਂ ਤੋਂ ਤਿੰਨ ਖਾਲੀ ਖੋਲ ਬਰਾਮਦ ਕੀਤੇ ਹਨ। ਮੁੱਢਲੀ ਜਾਣਕਾਰੀ ਮੁਤਾਬਕ ਕੁਝ ਹਮਲਾਵਰਾਂ ਦੀ ਪਛਾਣ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਉਹ ਨੇੜਲੇ ਪਿੰਡਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹਾਲਾਂਕਿ ਕੁਲਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ।

ਪਰਿਵਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੁਲਵਿੰਦਰ ਸਿੰਘ ਨੂੰ ਵਿਦੇਸ਼ੀ ਨੰਬਰਾਂ ਤੋਂ ਕਥਿਤ ਤੌਰ ‘ਤੇ ਧਮਕੀ ਭਰੇ ਫੋਨ ਆ ਰਹੇ ਸਨ। ਫੋਨ ‘ਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਘਟਨਾ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਅਦਿੱਤਿਆ ਨੇ ਕਿਹਾ ਕਿ ਮਾਮਲਾ ਪੁਲਸ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਮੁੱਢਲੀ ਜਾਂਚ ਵਿੱਚ ਇਹ ਨਿੱਜੀ ਰੰਜਿਸ਼ ਨਾਲ ਜੁੜਿਆ ਮਾਮਲਾ ਨਜ਼ਰ ਆ ਰਿਹਾ ਹੈ। ਪੁਲਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version