ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਵਿੱਚ ਇੱਕ ਝੌਂਪੜੀ ਨੂੰ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪਿਤਾ, ਉਸ ਦੀ ਤਿੰਨ ਸਾਲਾ ਧੀ ਅਤੇ 13 ਸਾਲਾ ਭਰਾ ਸ਼ਾਮਲ ਹਨ। ਇਸ ਘਟਨਾ ਵਿੱਚ ਪਰਿਵਾਰ ਦੀ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਅੱਧੀ ਰਾਤ ਨੂੰ ਝੌਂਪੜੀ ਨੂੰ ਲੱਗੀ ਅੱਗ
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਦੇਵਰੀਆ ਜ਼ਿਲ੍ਹੇ ਦੇ ਭਟਨੀ ਥਾਣਾ ਖੇਤਰ ਅਧੀਨ ਪੈਂਦੇ ਨੋਨਾਪਾਰ ਪਿੰਡ ਵਿੱਚ ਵਾਪਰੀ। ਪਿੰਡ ਦਾ ਰਹਿਣ ਵਾਲਾ ਜਤਿੰਦਰ ਪ੍ਰਸਾਦ (32) ਆਪਣੀ ਪਤਨੀ ਲੀਲਾ (28), ਤਿੰਨ ਸਾਲਾ ਧੀ ਸ਼ਾਨੀ ਅਤੇ 13 ਸਾਲਾ ਭਰਾ ਬਾਲਕਿਸ਼ਨ ਨਾਲ ਝੌਂਪੜੀ ਵਿੱਚ ਸੁੱਤਾ ਹੋਇਆ ਸੀ।
ਬੀਤੀ ਦੇਰ ਰਾਤ ਕਰੀਬ 1:30 ਵਜੇ ਅਚਾਨਕ ਝੌਂਪੜੀ ਵਿੱਚ ਅੱਗ ਲੱਗ ਗਈ। ਪਰਿਵਾਰ ਨੂੰ ਸੰਭਲਣ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਪਿਓ, ਧੀ ਅਤੇ ਭਰਾ ਦੀ ਮੌਤ
ਇਸ ਹਾਦਸੇ ਵਿੱਚ ਜਤਿੰਦਰ ਪ੍ਰਸਾਦ, ਉਸ ਦੀ ਧੀ ਸ਼ਾਨੀ ਅਤੇ ਭਰਾ ਬਾਲਕਿਸ਼ਨ ਦੀ ਮੌਤ ਹੋ ਗਈ, ਜਦਕਿ ਲੀਲਾ ਗੰਭੀਰ ਰੂਪ ਵਿੱਚ ਝੁਲਸ ਗਈ। ਘਟਨਾ ਦਾ ਪਤਾ ਲੱਗਣ ‘ਤੇ ਪਿੰਡ ਵਾਸੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਜ਼ਖ਼ਮੀ ਔਰਤ ਦੀ ਹਾਲਤ ਨਾਜ਼ੁਕ
ਭਟਨੀ ਥਾਣੇ ਦੇ ਇੰਚਾਰਜ ਪੰਕਜ ਗੁਪਤਾ ਅਨੁਸਾਰ, ਜ਼ਖ਼ਮੀ ਲੀਲਾ ਨੂੰ ਦੇਵਰੀਆ ਦੇ ਮਹਾਰਿਸ਼ੀ ਦੇਵਰਾਹਾ ਬਾਬਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਝੌਂਪੜੀ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।










