ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਆਯੋਜਿਤ ਮਾਘ ਮੇਲੇ ਵਿੱਚ ਇੱਕ ਹੋਰ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਜਿੱਥੇ ਪੁਰਾਣੀ ਰੇਲਵੇ ਲਾਈਨ ਦੇ ਨੇੜੇ ਇੱਕ ਕੈਂਪ ਵਿੱਚ 48 ਘੰਟਿਆਂ ਵਿੱਚ ਤੀਜੀ ਵਾਰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਅੱਗ ਬੁਝਾਉਣ ਤੋਂ ਪਹਿਲਾਂ ਹੀ ਟੈਂਟ ਪੂਰੀ ਤਰ੍ਹਾਂ ਸੜ ਗਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਿਆ ਅਤੇ ਉਸਨੂੰ SRN ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮਾਘ ਮੇਲੇ ਦੇ ਮੁੱਖ ਫਾਇਰ ਅਫਸਰ ਅਨੀਮੇਸ਼ ਮਿਸ਼ਰਾ ਨੇ ਦੱਸਿਆ ਕਿ ਰਾਤ 11:08 ਵਜੇ ਸਾਨੂੰ ਜਾਣਕਾਰੀ ਮਿਲੀ ਕਿ ਗਣਪਤੀ ਅਤੇ ਅੰਨਪੂਰਨਾ ਮਾਰਗ ਦੇ ਚੌਰਾਹੇ ‘ਤੇ ਪੁਰਾਣੇ ਰੇਲਵੇ ਪੁਲ ਦੇ ਨੇੜੇ ਇੱਕ ਕੈਂਪ ਵਿੱਚ ਅੱਗ ਲੱਗ ਗਈ ਹੈ। ਸਾਡੀਆਂ ਗੱਡੀਆਂ ਦੋ ਮਿੰਟਾਂ ਦੇ ਅੰਦਰ-ਅੰਦਰ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਠ ਫਾਇਰ ਟੈਂਡਰਾਂ ਵੀ ਆ ਗਏ। ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ।
ਅਖੰਡ ਜੋਤੀ ਦੇ ਕਾਰਨ ਲੱਗੀ ਅੱਗ
ਫਾਇਰ ਅਫਸਰ ਨੇ ਦੱਸਿਆ ਕਿ ਇੱਕ ਘਟਨਾ ਵਿੱਚ ਇੱਕ ਨੌਜਵਾਨ ਝੁਲਸ ਗਿਆ ਹੈ ਅਤੇ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ। ਅਧਿਕਾਰੀ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਪਤਾ ਲੱਗਾ ਹੈ ਕਿ ਅਖੰਡ ਜੋਤੀ ਜਲਣ ਦੇ ਕਾਰਨ ਇਹ ਅੱਗ ਲੱਗੀ। ਹਾਲਾਂਕਿ, ਸਹੀ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੈਂਪ ਇੰਚਾਰਜ ਯੋਗੇਸ਼ ਮਿਸ਼ਰਾ ਨੇ ਵੀ ਕਿਹਾ ਕਿ ਉੱਥੇ ਇੱਕ ਅਖੰਡ ਜੋਤ ਜਲ ਰਹੀ ਸੀ। ਅਜਿਹਾ ਲੱਗਦਾ ਹੈ ਕਿ ਜੋ ਕੁਝ ਵੀ ਹੋਇਆ, ਉਹ ਉਸੇ ਵਜ੍ਹਾ ਨਾਲ ਹੋਇਆ ਹੋਵੇਗਾ। ਉਸ ਵੇਲੇ ਮੇਰਾ ਭਤੀਜਾ ਸੌਂ ਰਿਹਾ ਸੀ। ਜਦੋਂ ਤੱਕ ਆਸ-ਪਾਸ ਦੇ ਲੋਕਾਂ ਨੇ ਦੇਖਿਆ, ਉਦੋਂ ਤੱਕ ਟੈਂਟ ਵਿੱਚ ਅੱਗ ਲੱਗ ਚੁੱਕੀ ਸੀ। ਲੋਕਾਂ ਨੇ ਉਸਨੂੰ ਬਚਾਇਆ ਅਤੇ ਉਸ ਤੋਂ ਬਾਅਦ ਹਸਪਤਾਲ ਭੇਜਿਆ ਗਿਆ।
ਕਲਪਵਾਸੀ ਸ਼ਿਵ ਦੇਵੀ ਮਿਸ਼ਰਾ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਅਣਜਾਣ ਹੈ। ਕਿਸੀ ਨੇ ਪੁਲਿਸ ਨੂੰ ਦੱਸਿਆ ਕਿ ਸੈਕਟਰ 5 ਵਿੱਚ ਅੱਗ ਲੱਗੀ ਹੈ। ਜਦੋਂ ਪੁਲਿਸ ਆਈ ਅਤੇ ਦਰਵਾਜ਼ਾ ਤੋੜਿਆ, ਤਾਂ ਸਾਡੀਆਂ ਅੱਖਾਂ ਅਚਾਨਕ ਖੁੱਲ੍ਹ ਗਈਆਂ। ਉਸ ਸਮੇਂ ਪੂਰਾ ਪਰਿਵਾਰ ਸੌ ਰਿਹਾ ਸੀ।











