ਕਲਾਨੌਰ/ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਬਲਾਕ ਅਧੀਨ ਪੈਂਦੇ ਸਰਹੱਦੀ ਪਿੰਡ ਸਹੂਰ ਵਿੱਚ ਦੇਰ ਰਾਤ ਇੱਕ ਕਿਸਾਨ ‘ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਕਿਸਾਨ ਕੈਪਟਨ ਸਿੰਘ ਇਸ ਹਮਲੇ ਦੌਰਾਨ ਵਾਲ-ਵਾਲ ਬਚ ਗਿਆ। ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਤ ਨੂੰ ਘਰ ਪਰਤ ਰਹੇ ਕਿਸਾਨ ‘ਤੇ ਚਲਾਈ ਗੋਲੀ
ਪੀੜਤ ਕੈਪਟਨ ਸਿੰਘ, ਜੋ ਪਿੰਡ ਸਹੂਰ ਦਾ ਰਹਿਣ ਵਾਲਾ ਹੈ, ਨੇ ਪੁਲਸ ਨੂੰ ਦੱਸਿਆ ਕਿ ਉਹ ਬੇਲਰ ਮਸ਼ੀਨ ਰਾਹੀਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਕਰਦਾ ਹੈ। ਉਸ ਮੁਤਾਬਕ, ਰਾਤ ਕਰੀਬ ਸਵਾ 9 ਵਜੇ ਜਦੋਂ ਉਹ ਵਾਪਸ ਪਿੰਡ ਆ ਰਿਹਾ ਸੀ ਤਾਂ ਪਿੰਡ ਦੇ ਹੀ ਇੱਕ ਨੌਜਵਾਨ ਨੇ ਹਨੇਰੇ ਵਿੱਚ ਉਸ ‘ਤੇ ਗੋਲੀ ਚਲਾ ਦਿੱਤੀ। ਕੈਪਟਨ ਸਿੰਘ ਨੇ ਦੱਸਿਆ ਕਿ ਉਸ ਨੇ ਤੁਰੰਤ ਹੇਠਾਂ ਬੈਠ ਕੇ ਆਪਣਾ ਬਚਾਅ ਕੀਤਾ, ਜਿਸ ਕਾਰਨ ਗੋਲੀ ਉਸ ਨੂੰ ਨਹੀਂ ਲੱਗੀ। ਇਸ ਦੌਰਾਨ ਉਸ ਦੇ ਸਿਰ ‘ਤੇ ਬੰਨ੍ਹਿਆ ਪਰਨਾ ਵੀ ਲੱਥ ਗਿਆ।
ਭੱਜਦੇ ਸਮੇਂ ਵੀ ਕੀਤੇ ਦੋ ਹੋਰ ਫਾਇਰ
ਪੀੜਤ ਦੇ ਬਿਆਨਾਂ ਅਨੁਸਾਰ, ਪਹਿਲੀ ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਿਆ ਅਤੇ ਜਾਂਦੇ ਸਮੇਂ ਦੋ ਹੋਰ ਫਾਇਰ ਕੀਤੇ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਕਲਾਨੌਰ ਦੇ ਐੱਸ.ਐੱਚ.ਓ ਅਮਨਦੀਪ ਸਿੰਘ ਅਤੇ ਪੁਲਿਸ ਚੌਕੀ ਦੋਸਤਪੁਰ ਦੇ ਇੰਚਾਰਜ ਸੰਨੀ ਬੈਂਸ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਦੇ ਬਿਆਨ ਦਰਜ ਕੀਤੇ।
ਹਥਿਆਰ ਦੀ ਪਛਾਣ ਲਈ ਜਾਂਚ ਜਾਰੀ
ਪੁਲਿਸ ਚੌਕੀ ਦੋਸਤਪੁਰ ਦੇ ਇੰਚਾਰਜ ਸੰਨੀ ਬੈਂਸ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀੜਤ ਦੇ ਬਿਆਨਾਂ ਮੁਤਾਬਕ ਕੁੱਲ ਤਿੰਨ ਫਾਇਰ ਕੀਤੇ ਗਏ ਹਨ। ਹਾਲਾਂਕਿ, ਗੋਲੀ ਕਿਸ ਕਿਸਮ ਦੇ ਹਥਿਆਰ ਨਾਲ ਚਲਾਈ ਗਈ, ਇਸ ਬਾਰੇ ਹਾਲੇ ਜਾਂਚ ਜਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
