ਅਮਰੀਕਾ: ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਟ੍ਰੇਨਿੰਗ ਮਿਸ਼ਨ ਦੌਰਾਨ ਟੈਕਸਾਸ ਏਅਰ ਨੈਸ਼ਨਲ ਗਾਰਡ ਦਾ F-16 ਫਾਈਟਿੰਗ ਫਾਲਕਨ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਗ੍ਰੈਂਡ ਟ੍ਰੈਵਰਸ ਕਾਊਂਟੀ ਵਿੱਚ ਬੀਤੇ ਦਿਨੀਂ ਵਾਪਰੀ। ਹਾਦਸੇ ਵਿੱਚ ਜਹਾਜ਼ ਦਾ ਪਾਇਲਟ ਜ਼ਖਮੀ ਹੋ ਗਿਆ, ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ F-16 ਨੂੰ ਟੈਕਸਾਸ ਨੈਸ਼ਨਲ ਗਾਰਡ ਦੀ 149ਵੀਂ ਫਾਈਟਰ ਵਿੰਗ ਵੱਲੋਂ ਚਲਾਇਆ ਜਾ ਰਿਹਾ ਸੀ। ਜਹਾਜ਼ ਅਲਪੇਨਾ ਸਥਿਤ ਏਅਰ ਨੈਸ਼ਨਲ ਗਾਰਡ ਦੇ ਕਾਂਬੈਟ ਰੈਡੀਨੈੱਸ ਟ੍ਰੇਨਿੰਗ ਸੈਂਟਰ ਤੋਂ ਰੁਟੀਨ ਟ੍ਰੇਨਿੰਗ ਮਿਸ਼ਨ ’ਤੇ ਉਡਾਣ ਭਰ ਰਿਹਾ ਸੀ। ਇਸੇ ਦੌਰਾਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਤੋਂ ਪਹਿਲਾਂ ਪਾਇਲਟ ਨੇ ਜਹਾਜ਼ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਨਿਕਲਣ ਵਿੱਚ ਸਫਲਤਾ ਹਾਸਲ ਕੀਤੀ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। 149ਵੀਂ ਫਾਈਟਰ ਵਿੰਗ ਦੇ ਬੁਲਾਰੇ ਮੁਤਾਬਕ ਪਾਇਲਟ ਦੀ ਹਾਲਤ ਸਥਿਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਇੱਕ ਮੀਲ ਦੇ ਘੇਰੇ ’ਚ ਰਹਿਣ ਵਾਲਿਆਂ ਨੂੰ ਹਟਾਇਆ
F-16 ਕਾਊਂਟੀ ਰੋਡ 633 ਅਤੇ ਬਲੇਅਰ ਟਾਊਨਹਾਲ ਰੋਡ ਨੇੜੇ ਕਰੈਸ਼ ਹੋਇਆ। ਘਟਨਾ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਦੀਆਂ ਕੁਝ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਮਿਸ਼ੀਗਨ ਸਟੇਟ ਪੁਲਿਸ ਨੇ ਕਰੈਸ਼ ਸਾਈਟ ਦੇ ਲਗਭਗ ਇੱਕ ਮੀਲ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ।
ਅਧਿਕਾਰੀਆਂ ਵੱਲੋਂ ਜਹਾਜ਼ ਵਿੱਚ ਮੌਜੂਦ ਸੰਭਾਵਿਤ ਖ਼ਤਰਨਾਕ ਰਸਾਇਣਾਂ ਦੇ ਲੀਕ ਹੋਣ ਦੇ ਖ਼ਤਰੇ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ। ਇਸ ਤੋਂ ਪਹਿਲਾਂ ਇਲਾਕਾ ਵਾਸੀਆਂ ਨੂੰ ਘਰਾਂ ਅੰਦਰ ਰਹਿਣ ਅਤੇ ਦਰਵਾਜ਼ੇ-ਖਿੜਕੀਆਂ ਬੰਦ ਰੱਖਣ ਦੀ ਹਦਾਇਤ ਦਿੱਤੀ ਗਈ ਸੀ।
ਬਰਡ ਸਟ੍ਰਾਈਕ ਦੀ ਵੀ ਜਾਂਚ
ਮੁੱਢਲੀ ਜਾਣਕਾਰੀ ਮੁਤਾਬਕ ਏਅਰ ਟ੍ਰੈਫਿਕ ਕੰਟਰੋਲ ਦੀ ਆਡੀਓ ਵਿੱਚ ਜਹਾਜ਼ ਦੇ ਕਰੈਸ਼ ਤੋਂ ਕੁਝ ਸਮਾਂ ਪਹਿਲਾਂ ਸੰਭਾਵਿਤ ਬਰਡ ਸਟ੍ਰਾਈਕ ਦਾ ਸੰਕੇਤ ਮਿਲਿਆ ਹੈ। ਹਾਲਾਂਕਿ ਫੌਜੀ ਅਧਿਕਾਰੀਆਂ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ F-16 ਕਿਸੇ ਪੰਛੀ ਨਾਲ ਟਕਰਾਇਆ ਸੀ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।










