ਚੰਡੀਗੜ੍ਹ : ਹਰਿਆਣਾ ਦੇ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਰਾਜ ਵਿੱਚ ਸਥਿਤ ਸਾਰੇ ਸਰਕਾਰੀ ਅਤੇ ਨਿੱਜੀ ਉਦਯੋਗਿਕ ਸਿਖਲਾਈ ਸੰਸਥਾਨਾਂ (ITI) ਵਿੱਚ ਸੈਸ਼ਨ 2026-27 ਲਈ ਐੱਨ.ਸੀ.ਵੀ.ਟੀ. ਅਤੇ ਐੱਸ.ਸੀ.ਵੀ.ਟੀ. ਦੇ ਅਧੀਨ ਖਾਲੀ ਸੀਟਾਂ ‘ਤੇ ‘ਆਨ ਦਾ ਸਪਾਟ’ ਦਾਖ਼ਲਾ ਪ੍ਰਕਿਰਿਆ ਦੀਆਂ ਆਖ਼ਰੀ ਤਾਰੀਖ਼ਾਂ ਨੂੰ ਵਧਾ ਦਿੱਤਾ ਗਿਆ ਹੈ।
ਇੱਕ ਸਰਕਾਰੀ ਬੁਲਾਰੇ ਅਨੁਸਾਰ, ਹੁਣ ਐੱਨ.ਸੀ.ਵੀ.ਟੀ. ਦੀਆਂ ਖਾਲੀ ਸੀਟਾਂ ‘ਤੇ ਦਾਖ਼ਲੇ ਦੀ ਤਾਰੀਖ਼ 22 ਸਤੰਬਰ 2026 ਤੱਕ ਅਤੇ ਐੱਸ.ਸੀ.ਵੀ.ਟੀ. ਦੀਆਂ ਖਾਲੀ ਸੀਟਾਂ ਲਈ ਦਾਖ਼ਲੇ ਦੀ ਤਾਰੀਖ਼ 29 ਸਤੰਬਰ 2026 ਤੱਕ ਵਧਾ ਦਿੱਤੀ ਗਈ ਹੈ। ਦਾਖ਼ਲੇ ਦੀ ਇਹ ਪੂਰੀ ਪ੍ਰਕਿਰਿਆ ਸੰਸਥਾਨ ਪੱਧਰ ‘ਤੇ ਹੀ ਪੂਰੀ ਕੀਤੀ ਜਾਵੇਗੀ। ਦਾਖ਼ਲੇ ਦੇ ਚਾਹਵਾਨ ਉਮੀਦਵਾਰਾਂ ਲਈ ਵਿਭਾਗੀ ਵੈੱਬਸਾਈਟ www.admissions.itiharyana.gov.in ‘ਤੇ ਨਵੀਆਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਬੁਲਾਰੇ ਨੇ ਅੱਗੇ ਸਪੱਸ਼ਟ ਕੀਤਾ ਕਿ ਇਹ ਦਾਖ਼ਲਾ ਨਵੀਆਂ ਅਤੇ ਪੁਰਾਣੀਆਂ ਅਰਜ਼ੀਆਂ ਦੀ ਇੱਕ ਸੰਯੁਕਤ ਮੈਰਿਟ ਸੂਚੀ ਦੇ ਆਧਾਰ ‘ਤੇ ਸੰਸਥਾਨ ਪੱਧਰ ‘ਤੇ ਕੀਤਾ ਜਾਵੇਗਾ ਅਤੇ ਇਸ ਵਿੱਚ ਕਿਸੇ ਵੀ ਕਿਸਮ ਦਾ ਰਾਖਵਾਂਕਰਨ ਲਾਗੂ ਨਹੀਂ ਹੋਵੇਗਾ। ਜਿਹੜੇ ਵੀ ਉਮੀਦਵਾਰ ਜਿਸ ਸੰਸਥਾਨ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਹਨ, ਉਹ ਨਿਰਧਾਰਤ ਤਾਰੀਖ਼ਾਂ ਅਨੁਸਾਰ ਦੁਪਹਿਰ 12:00 ਵਜੇ ਤੱਕ ਆਪਣਾ ਮੈਰਿਟ ਕਾਰਡ ਸਬੰਧਤ ਸੰਸਥਾਨ ਵਿੱਚ ਜਮ੍ਹਾਂ ਕਰਵਾਉਣਗੇ।
ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਆਪਣੇ ਸਾਰੇ ਮੂਲ ਸਰਟੀਫਿਕੇਟਾਂ ਸਮੇਤ ਆਪ ਸੰਸਥਾਨ ਵਿੱਚ ਹਾਜ਼ਰ ਹੋਣਾ ਪਵੇਗਾ ਅਤੇ ਮੌਕੇ ‘ਤੇ ਹੀ ਦਾਖ਼ਲਾ ਫੀਸ ਆਨਲਾਈਨ ਮਾਧਿਅਮ ਰਾਹੀਂ ਜਮ੍ਹਾਂ ਕਰਵਾਉਣੀ ਹੋਵੇਗੀ। ਉਮੀਦਵਾਰ ਆਪਣਾ ਮੈਰਿਟ ਕਾਰਡ ਦਾਖ਼ਲਾ ਪੋਰਟਲ ਤੋਂ ਡਾਊਨਲੋਡ ਕਰ ਸਕਦੇ ਹਨ, ਜਿੱਥੇ ਸੰਸਥਾਨ-ਵਾਰ ਖਾਲੀ ਸੀਟਾਂ ਦੀ ਜਾਣਕਾਰੀ ਵੀ ਉਪਲਬਧ ਹੈ।
ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਦਾਖ਼ਲੇ ਦੇ ਆਧਾਰ ‘ਤੇ ਪਹਿਲਾਂ ਐੱਨ.ਸੀ.ਵੀ.ਟੀ. ਵਿੱਚ ਲਏ ਗਏ ਦਾਖ਼ਲੇ ਨੂੰ ਰੱਦ ਨਹੀਂ ਮੰਨਿਆ ਜਾਵੇਗਾ ਅਤੇ ਸੈਸ਼ਨ 2026-27 ਦੀ ਵੇਰਵਾ ਪੱਤ੍ਰਿਕਾ ਵਿੱਚ ਦੱਸੇ ਗਏ ਹੋਰ ਸਾਰੇ ਨਿਯਮ ਅਤੇ ਸ਼ਰਤਾਂ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ।












