ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਦਿੱਲੀ ਆ ਰਹੀ ਇੰਡੀਗੋ ਫਲਾਈਟ ਦੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਾਇਰ ਬ੍ਰਿਗੇਡ ਨੂੰ ਸਵੇਰੇ 10 ਵੱਜ ਕੇ 53 ਮਿੰਟ ‘ਤੇ ਐਮਰਜੈਂਸੀ ਕਾਲ ਆਈ। ਜਾਣਕਾਰੀ ਦੇ ਮੁਤਾਬਕ 10 ਵੱਜ ਕੇ 59 ਮਿੰਟ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਇੰਡੀਗੋ (6E 579) ਦਾ ਇਹ ਜਹਾਜ਼ ਬੋਇੰਗ 737 ਸੀ, ਜਿਸ ਵਿੱਚ 161 ਯਾਤਰੀ ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਫਲਾਇਟ ਦੇ ਇੰਜਣ ਵਿੱਚ ਖਰਾਬੀ ਆ ਗਈ ਸੀ, ਜਿਸ ਦੇ ਬਾਅਦ ਪਲਾਈਟ ਨੇ ਏਅਰਪੋਰਟ ਵਿੱਚ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਸੀ।
ਫਾਇਰ ਬ੍ਰਿਗੇਡ ਵਿਭਾਗ ਦੇ ਅਨੁਸਾਰ, ਸਾਰੇ 161 ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਐਮਰਜੈਂਸੀ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੇ ਤੁਰੰਤ ਫਾਇਰ ਟਰੱਕ ਮੌਕੇ ‘ਤੇ ਭੇਜੇ ਅਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਫਲਾਈਟ ਦੇ ਇਕ ਇੰਜਣ ‘ਚ ਖ਼ਰਾਬੀ ਆਈ ਸੀ, ਜਿਸ ਤੋਂ ਬਾਅਦ ਹਵਾਈ ਅੱਡੇ ‘ਤੇ ਸਵੇਰੇ 10:39 ਵਜੇ ਪੂਰੀ ਐਮਰਜੈਂਸੀ ਲਗਾ ਦਿੱਤੀ ਗਈ ਸੀ। ਸੁਰੱਖਿਅਤ ਲੈਂਡਿੰਗ ਲਈ ਏਅਰਪੋਰਟ ਦੇ ਰਨਵੇ 28 ਨੂੰ ਚੁਣਿਆ ਗਿਆ ਸੀ। ਰਨਵੇ ਦੇ ਚਾਰੇ ਪਾਸੇ ਫਾਇਰ ਬ੍ਰਿਗੇਡ ਦੀ ਗੱਡੀਆਂ ਅਤੇ ਐਂਬੂਲੈਂਸਾਂ ਮੌਜ਼ੂਦ ਸਨ। ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇੰਡੀਗੋ ਨੇ ਅਜੇ ਤੱਕ ਇਸ ਮਾਮਲੇ ‘ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।











