ਨਵੀਂ ਦਿੱਲੀ : ਚੋਣ ਕਮਿਸ਼ਨ ਅੱਜ ਪੂਰੇ ਦੇਸ਼ ‘ਚ ਵੋਟਰ ਸੂਚੀ ਸੋਧ ਯਾਨੀ SIR ਦੇ ਪਹਿਲੇ ਪੜਾਅ ਦੀਆਂ ਤਾਰੀਖਾਂ ਦਾ ਐਲਾਨ ਕਰ ਸਕਦਾ ਹੈ। ਸ਼ਾਮ ਸਵਾ 4 ਵਜੇ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਹੋਵੇਗੀ ਜਿਸ ‘ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ‘ਚ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਪੜਾਅ ‘ਚ 10 ਤੋਂ 15 ਰਾਜਾਂ ‘ਚ ਵੋਟਰ ਸੂਚੀ ਸੋਧ ਹੋਵੇਗੀ ਜਿਨ੍ਹਾਂ ‘ਚ 2026 ‘ਚ ਵਿਧਾਨਸਭਾ ਚੋਣਾਂ ਹੋਣ ਵਾਲੇ ਰਾਜ ਵੀ ਸ਼ਾਮਲ ਹਨ। ਅਸਮ, ਤਮਿਲਨਾਡੂ, ਪੁਡੁਚੇਰੀ, ਕੇਰਲ ਅਤੇ ਪੱਛਮੀ ਬੰਗਾਲ ‘ਚ 2026 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਦੱਸ ਦਈਏ ਕਿ ਭਾਰਤ ਚੋਣ ਕਮਿਸ਼ਨ ਦੀ ਟੀਮ ਨੇ ਸਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ (CEOs) ਨਾਲ ਮੁਲਾਕਾਤ ਕਰਨ ਤੋਂ ਬਾਅਦ ਦੇਸ਼ ਭਰ ਵਿੱਚ SIR ਫਾਰਮੈਟ ਨੂੰ ਅੰਤਿਮ ਰੂਪ ਦਿੱਤਾ। ਸਾਰੇ CEOs ਨੂੰ ਪਿਛਲੇ SIR ਦੇ ਤਹਿਤ ਅੱਪਡੇਟ ਕੀਤੀਆਂ ਵੋਟਰ ਸੂਚੀਆਂ ਨੂੰ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰਨ ਲਈ ਕਿਹਾ ਗਿਆ ਹੈ।
ਪਹਿਲੇ ਪੜਾਅ ਵਿੱਚ ਕਿਹੜੇ- ਕਿਹੜੇ ਰਾਜਾਂ ਵਿੱਚ SIR?
- ਪੱਛਮੀ ਬੰਗਾਲ
- ਅਸਾਮ
- ਤਾਮਿਲਨਾਡੂ
- ਪੁਡੂਚੇਰੀ
- ਕੇਰਲ
ਕੀ ਹੈ SIR?
SIR ਚੋਣ ਕਮਿਸ਼ਨ ਦੀ ਇੱਕ ਪ੍ਰਕਿਰਿਆ ਹੈ, ਜਿਸ ਵਿੱਚ ਵੋਟਰ ਸੂਚੀ ਅਪਡੇਟ ਕੀਤੀ ਜਾਂਦੀ ਹੈ। ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ ਵਿਸ਼ੇਸ਼ ਪ੍ਰਕਿਰਿਆ ਹੈ, ਜਿਸ ਦੇ ਤਹਿਤ ਚੋਣ ਕਮਿਸ਼ਨ, ਵੋਟਰ ਸੂਚੀ ਨੂੰ ਅਪਡੇਟ ਕਰਦਾ ਹੈ। ਉਦਾਹਰਨ ਵਜੋਂ ਕਈ ਵਾਰ ਅਜਿਹਾ ਪਾਇਆ ਜਾਂਦਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਪਰ ਉਸ ਦਾ ਨਾਮ ਵੋਟਰ ਸੂਚੀ ਵਿੱਚ ਮੌਜੂਦ ਹੈ, ਕਈ ਵਾਰ ਕੋਈ ਵਿਅਕਤੀ 18 ਸਾਲ ਦਾ ਹੋ ਜਾਂਦਾ ਹੈ ਪਰ ਉਸਦਾ ਨਾਮ ਵੋਟਰ ਸੂਚੀ ਵਿੱਚ ਐਡ ਨਹੀਂ ਹੁੰਦਾ, ਤਾਂ ਅਜਿਹੀ ਸਥਿਤੀ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਰਾਹੀਂ ਵੋਟਰ ਸੂਚੀ ਵਿੱਚੋਂ ਨਾਮ ਹਟਾਏ ਜਾਂ ਐਡ ਕੀਤੇ ਜਾਂਦੇ ਹਨ।
ਕਈ ਵਾਰ, ਲੋਕ ਉਸ ਖੇਤਰ ਨੂੰ ਛੱਡ ਦਿੰਦੇ ਹਨ ਜਿੱਥੇ ਚੋਣ ਹੋ ਰਹੀ ਹੈ, ਅਤੇ ਅਜਿਹੇ ਮਾਮਲਿਆਂ ਵਿੱਚ, ਵੋਟਰ ਦਾ ਨਾਮ SIR ਦੇ ਜਰੀਏ ਸੂਚੀ ਵਿੱਚੋਂ ਹਟਾ ਦਿੱਤਾ ਜਾਂਦਾ ਹੈ।
ਕੀ ਸਾਰੇ ਵੋਟਰਾਂ ਨੂੰ ਦਿਖਾਉਣੇ ਹੋਣਗੇ ਆਪਣੇ ਦਸਤਾਵੇਜ਼?
ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੈ ਕਿ ਜਿਸ ਤਰ੍ਹਾਂ SIR ਦੀ ਪ੍ਰਕਿਰਿਆ ਹੋ ਰਹੀ ਹੈ, ਤਾਂ ਕੀ ਸਾਰੇ ਵੋਟਰਾਂ ਨੂੰ ਆਪਣੇ ਦਸਤਾਵੇਜ਼ ਦਿਖਾਉਣੇ ਪੈਣਗੇ। ਅਸਲ ਵਿੱਚ, ਅਜਿਹਾ ਬਿਲਕੁਲ ਵੀ ਨਹੀਂ ਹੈ। ਜੇਕਰ ਕਿਸੇ ਵੋਟਰ ਦਾ ਨਾਮ ਵੋਟਰ ਸੂਚੀ ਵਿੱਚੋਂ ਕਿਸੇ ਕਾਰਨ ਕਰਕੇ ਕੱਟਿਆ ਗਿਆ ਹੈ, ਤਾਂ ਉਹ ਆਪਣੇ ਦਸਤਾਵੇਜ਼ ਦਿਖਾ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾ ਸਕਦਾ ਹੈ। ਜਿਨ੍ਹਾਂ ਦੇ ਨਾਮ ਪਹਿਲਾਂ ਹੀ ਵੋਟਰ ਸੂਚੀ ਵਿੱਚ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਦਿਖਾਉਣ ਦੀ ਲੋੜ ਨਹੀਂ ਹੈ।











