ਜਲੰਧਰ : ਬੀਤੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਕਾਰਨ ਪੰਜਾਬ ਦੇ ਬਜ਼ੁਰਗ ਸਿੱਖ ਦੌੜਾਕ ਫੌਜਾ ਸਿੰਘ ਨੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਪੰਜਾਬ ਦੇ ਬਜ਼ੁਰਗ ਸਿੱਖ ਦੌੜਾਕ ਫੌਜਾ ਸਿੰਘ ਦਾ 114 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਦੌੜਾਕ ਵੀ ਕਿਹਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਜਦੋਂ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਅਚਾਨਕ ਇੱਕ ਕਾਰ ਨਾਲ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਫੌਜਾ ਸਿੰਘ ਜਲੰਧਰ ਦੇ ਬਿਆਸ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਜਨਮ 1 ਅਪ੍ਰੈਲ 1911 ਨੂੰ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ਵਿੱਚ ਹੋਇਆ ਸੀ।ਫੌਜਾ ਸਿੰਘ ਨੇ ਸਾਲ 2000 ਵਿੱਚ ਆਪਣੀ ਮੈਰਾਥਨ ਯਾਤਰਾ ਸ਼ੁਰੂ ਕੀਤੀ ਸੀ, ਅੰਤ ਵਿੱਚ ਅੱਠ ਦੌੜਾਂ ਵਿੱਚ ਹਿੱਸਾ ਲਿਆ। 2011 ਵਿਚ ਟੋਰਾਂਟੋ ਮੈਰਾਥਨ ਵਿੱਚ ਭਾਗ ਲੈ ਕੇ ਉਨ੍ਹਾਂ ਨੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਦਾ ਨਾਮ ਹਾਸਲ ਕੀਤਾ ਪਰ ਉਹਨਾਂ ਦਾ ਨਾਮ ਗਿਨੀਜ਼ ਬੁੱਕ ਵਿਚ ਸ਼ਾਮਲ ਨਹੀਂ ਹੋ ਸਕਿਆ, ਕਿਉਂਕਿ ਉਹਨਾਂ ਕੋਲ ਆਪਣਾ ਜਨਮ ਸਰਟੀਫਿਕੇਟ ਨਹੀਂ ਸੀ।
ਜਦੋਂ ਫੌਜਾ ਸਿੰਘ 89 ਸਾਲਾਂ ਦੇ ਸਨ ਤਾਂ ਉਹਨਾਂ ਦੀ ਪਤਨੀ ਅਤੇ ਬੱਚੇ ਦੀ ਇੱਕ ਹਾਦਸੇ ਵਿਚ ਮੌਤ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ।ਪਰ ਬੀਤੀ ਦਿਨੀਂ ਇੱਕ ਸੜਕ ਹਾਦਸੇ ’ਚ ਉਨ੍ਹਾਂ ਦੀ ਵੀ ਜਾਨ ਚਲੀ ਗਈ।











