Homeਹੈਲਥ“ਅਲ ਨੀਨੋ” ਦਾ ਖਤਰਾ ਵਧਿਆ: ਭਿਆਨਕ ਗਰਮੀ ਅਤੇ ਕਮਜ਼ੋਰ ਮਾਨਸੂਨ ਨੂੰ ਲੈ...

“ਅਲ ਨੀਨੋ” ਦਾ ਖਤਰਾ ਵਧਿਆ: ਭਿਆਨਕ ਗਰਮੀ ਅਤੇ ਕਮਜ਼ੋਰ ਮਾਨਸੂਨ ਨੂੰ ਲੈ ਕੇ ਚੇਤਾਵਨੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਪੈ ਰਹੀ ਤਿੱਖੀ ਗਰਮੀ ਦੇ ਵਿਚਕਾਰ ਮੌਸਮ ਮਾਹਿਰਾਂ ਨੇ “ਅਲ ਨੀਨੋ” ਨੂੰ ਲੈ ਕੇ ਚਿੰਤਾ ਜਤਾਈ ਹੈ। ਮਾਹਿਰਾਂ ਮੁਤਾਬਕ ਇਹ ਸਿਰਫ਼ ਆਮ ਗਰਮੀ ਨਹੀਂ, ਸਗੋਂ ਇੱਕ ਐਸੀ ਮੌਸਮੀ ਸਥਿਤੀ ਹੈ ਜੋ ਪੂਰੀ ਦੁਨੀਆ ਦੇ ਮੌਸਮ ‘ਤੇ ਗੰਭੀਰ ਅਸਰ ਪਾ ਸਕਦੀ ਹੈ। “ਅਲ ਨੀਨੋ” ਕਾਰਨ ਇਸ ਵਾਰ ਦੱਖਣ-ਪੱਛਮੀ ਮਾਨਸੂਨ ਦੇ ਦੇਰ ਨਾਲ ਆਉਣ ਜਾਂ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਹੋਰ ਵੱਧ ਸਕਦੀ ਹੈ।

ਮੌਸਮ ਵਿਗਿਆਨੀਆਂ ਦੇ ਅਨੁਸਾਰ “ਅਲ ਨੀਨੋ” ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਦੋਂ ਪ੍ਰਸ਼ਾਂਤ ਮਹਾਸਾਗਰ ਦਾ ਪਾਣੀ ਆਮ ਨਾਲੋਂ ਜ਼ਿਆਦਾ ਗਰਮ ਹੋ ਜਾਂਦਾ ਹੈ। ਇਸ ਕਾਰਨ ਹਵਾਵਾਂ ਦੇ ਵਹਾਅ ਵਿੱਚ ਵੱਡਾ ਬਦਲਾਅ ਆ ਜਾਂਦਾ ਹੈ ਅਤੇ ਇਸਦਾ ਅਸਰ ਦੁਨੀਆ ਦੇ ਕਈ ਦੇਸ਼ਾਂ ਦੇ ਮੌਸਮ ‘ਤੇ ਪੈਂਦਾ ਹੈ। ਭਾਰਤ ਵਿੱਚ ਇਸ ਦਾ ਸਿੱਧਾ ਪ੍ਰਭਾਵ ਮਾਨਸੂਨ ‘ਤੇ ਪੈਂਦਾ ਹੈ, ਜਿਸ ਨਾਲ ਮੀਂਹ ਘੱਟ ਹੋ ਸਕਦਾ ਹੈ ਅਤੇ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ।

ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੀਟ ਸਟ੍ਰੋਕ ਦੇ ਮਾਮਲੇ ਵੱਧ ਸਕਦੇ ਹਨ। ਖ਼ਾਸ ਕਰਕੇ ਬੱਚੇ, ਬਜ਼ੁਰਗ ਅਤੇ ਬਿਮਾਰ ਲੋਕ ਇਸ ਦੀ ਜ਼ਦ ਵਿੱਚ ਆ ਸਕਦੇ ਹਨ। ਡਾਕਟਰਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਦੁਪਹਿਰ ਦੇ ਸਮੇਂ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।

ਸਿਹਤ ਵਿਭਾਗ ਮੁਤਾਬਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਸਮਾਂ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ। ਇਸ ਦੌਰਾਨ ਸੂਰਜ ਦੀਆਂ ਸਿੱਧੀਆਂ ਕਿਰਨਾਂ ਸਰੀਰ ‘ਤੇ ਪ੍ਰਭਾਵ ਪਾਂਦੀਆਂ ਹਨ, ਜਿਸ ਨਾਲ ਡੀਹਾਈਡ੍ਰੇਸ਼ਨ ਅਤੇ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਲੋਕਾਂ ਨੂੰ ਹਲਕੇ ਰੰਗਾਂ ਦੇ ਸੂਤੀ ਕੱਪੜੇ ਪਹਿਨਣ ਅਤੇ ਕਾਲੇ ਰੰਗ ਦੇ ਕੱਪੜਿਆਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

ਡਾਕਟਰਾਂ ਨੇ ਹੀਟ ਸਟ੍ਰੋਕ ਦੇ ਕੁਝ ਮੁੱਖ ਲੱਛਣਾਂ ਬਾਰੇ ਵੀ ਚੇਤਾਵਨੀ ਦਿੱਤੀ ਹੈ। ਜੇ ਕਿਸੇ ਵਿਅਕਤੀ ਨੂੰ ਤੇਜ਼ ਸਿਰਦਰਦ, ਚੱਕਰ, ਬੇਹੋਸ਼ੀ, ਉਲਟੀਆਂ ਜਾਂ ਸੁੱਕੀ ਚਮੜੀ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਉਸਨੂੰ ਛਾਂ ਵਾਲੀ ਥਾਂ ‘ਤੇ ਲਿਜਾਇਆ ਜਾਵੇ ਅਤੇ ਮੈਡੀਕਲ ਸਹਾਇਤਾ ਦਿੱਤੀ ਜਾਵੇ।

ਮਾਹਿਰਾਂ ਨੇ ਲੋਕਾਂ ਨੂੰ ਪਸ਼ੂਆਂ ਅਤੇ ਪੰਛੀਆਂ ਦਾ ਵੀ ਖ਼ਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਘਰਾਂ ਦੇ ਬਾਹਰ ਪਾਣੀ ਦੇ ਬਰਤਨ ਰੱਖਣ ਅਤੇ ਜਾਨਵਰਾਂ ਲਈ ਛਾਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਹਫ਼ਤਿਆਂ ਦੌਰਾਨ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments