ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 3.3 ਰਹੀ ਅਤੇ ਇਹ 45 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। NCS ਨੇ ਆਪਣੇ X-ਪੋਸਟ ਵਿੱਚ ਕਿਹਾ ਕਿ ਭੂਚਾਲ 9 ਫਰਵਰੀ, 2026 ਨੂੰ ਸਵੇਰੇ 04:50 ਵਜੇ IST ‘ਤੇ ਦਰਜ ਕੀਤਾ ਗਿਆ ਸੀ। ਐਨਸੀਐਸ ਨੇ ਭੂਚਾਲ ਦੀ ਸਥਿਤੀ 25.08° ਉੱਤਰ ਅਕਸ਼ਾਂਸ਼ ਅਤੇ 92.03° ਪੂਰਬ ਦੇਸ਼ਾਂਤਰ ‘ਤੇ ਰੱਖੀ।
ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬੰਗਲਾਦੇਸ਼ ਵਿੱਚ ਵੱਡੇ ਭੂਚਾਲ ਆਉਣ ਜਾ ਜ਼ੋਖਮ ਬਹੁਤ ਜ਼ਿਆਦਾ ਹੈ, ਕਿਉਂਕਿ ਇਹ ਤਿੰਨ ਸਰਗਰਮ ਟੈਕਟੋਨਿਕ ਪਲੇਟ ਫਾਲਟਾਂ ਦੇ ਸੰਗਮ ‘ਤੇ ਸਥਿਤ ਹੈ। ਦਸੰਬਰ 2025 ਵਿੱਚ ਢਾਕਾ ਵਿੱਚ 4.1 ਤੀਬਰਤਾ ਦੇ ਭੂਚਾਲ ਦੇ ਬਾਅਦ, ਮਾਹਿਰਾਂ ਨੇ ਕਿਹਾ ਕਿ ਤਿਆਰੀ, ਜਨਤਕ ਜਾਗਰੂਕਤਾ ਅਤੇ ਆਧੁਨਿਕ ਤਕਨਾਲੋਜੀ ਨਾਲ ਹੀ ਹਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ। ਬੰਗਲਾਦੇਸ਼ ਭਾਰਤੀ, ਯੂਰੇਸ਼ੀਅਨ ਅਤੇ ਬਰਮੀ ਪਲੇਟਾਂ ਦੇ ਚੌਰਾਹੇ ‘ਤੇ ਸਥਿਤ ਹੈ। ਭਾਰਤੀ ਪਲੇਟ ਪ੍ਰਤੀ ਸਾਲ ਲਗਭਗ 6 ਸੈਂਟੀਮੀਟਰ ਦੀ ਰਫ਼ਤਾਰ ਨਾਲ ਉੱਤਰ-ਪੂਰਬ ਵੱਲ ਵਧਦੀ ਹੈ, ਜਦੋਂ ਕਿ ਯੂਰੇਸ਼ੀਅਨ ਪਲੇਟ ਪ੍ਰਤੀ ਸਾਲ ਲਗਭਗ 2 ਸੈਂਟੀਮੀਟਰ ਦੀ ਰਫ਼ਤਾਰ ਨਾਲ ਉੱਤਰ ਵੱਲ ਵਧਦੀ ਹੈ।
