ਅਫਗਾਨਿਸਤਾਨ : ਅਫਗਾਨਿਸਤਾਨ ਵਿੱਚ ਬੀਤੀ ਦੇਰ ਰਾਤ 5.5 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (NCS) ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਦੱਸਿਆ ਕਿ ਭੂਚਾਲ ਭਾਰਤੀ ਮਿਆਰੀ ਸਮੇਂ (IST) ਅਨੁਸਾਰ ਰਾਤ 11:27 ਵਜੇ 173 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਖੁਸ਼ਕਿਸਮਤੀ ਨਾਲ, ਭੂਚਾਲ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਮਿਲੀ। ਰੈੱਡ ਕਰਾਸ ਦੇ ਅਨੁਸਾਰ, ਅਫਗਾਨਿਸਤਾਨ ਵਿੱਚ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ, ਖਾਸ ਕਰਕੇ ਹਿੰਦੂ ਕੁਸ਼ ਖੇਤਰ ਵਿੱਚ, ਜੋ ਕਿ ਇੱਕ ਬਹੁਤ ਜ਼ਿਆਦਾ ਭੂਚਾਲ-ਸੰਭਾਵੀ ਖੇਤਰ ਹੈ।
ਸੰਯੁਕਤ ਰਾਸ਼ਟਰ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ (UNOCHA) ਦਾ ਕਹਿਣਾ ਹੈ ਕਿ ਅਫਗਾਨਿਸਤਾਨ ਭੂਚਾਲ, ਜ਼ਮੀਨ ਖਿਸਕਣ ਅਤੇ ਮੌਸਮੀ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਲਈ ਬਹੁਤ ਕਮਜ਼ੋਰ ਹੈ। ਵਾਰ-ਵਾਰ ਆਉਣ ਵਾਲੇ ਭੂਚਾਲ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਅਤੇ ਸੀਮਤ ਵਿਕਾਸ ਨਾਲ ਜੂਝ ਰਹੇ ਭਾਈਚਾਰਿਆਂ ਲਈ ਸਥਿਤੀ ਨੂੰ ਹੋਰ ਵੀ ਵਿਗਾੜ ਦਿੰਦੇ ਹਨ, ਜਿਸ ਨਾਲ ਉਨ੍ਹਾਂ ਕੋਲ ਕਈ ਝਟਕਿਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਬਹੁਤ ਘੱਟ ਹੋ ਜਾਦੀ ਹੈ।
