ਸਿਓਲ: ਦੱਖਣੀ ਕੋਰੀਆ ਵਿੱਚ ਅੱਜ ਸਵੇਰੇ ਰਾਜਧਾਨੀ ਸਿਓਲ ਦੇ ਦੱਖਣ ਵਿਚ ਸਥਿਤ ਸੀਓਂਗਨਾਮ ਸ਼ਹਿਰ ਵਿਚ ਇੱਕ ਯਾਤਰੀ ਬੱਸ ਨੇ ਇਕ ਟ੍ਰੈਫਿਕ ਸਿਗਨਲ ‘ਤੇ ਰੁਕੇ 30 ਤੋਂ ਜ਼ਿਆਦਾ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਘੱਟੋ-ਘੱਟ 57 ਲੋਕ ਜ਼ਖਮੀ ਹੋ ਗਏ। ਫਾਇਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਓਂਗਨਾਮ ਸ਼ਹਿਰ ਦੇ ਪ੍ਰਸ਼ਾਸਕੀ ਖੇਤਰ ਗਯੋਂਗਗੀ ਸੂਬੇ ਦੇ ਅੱਗ ਬੁਝਾਊ ਵਿਭਾਗ ਮੁਤਾਬਕ ਇਸ ਹਾਦਸੇ ‘ਚ ਘੱਟੋ-ਘੱਟ 57 ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਿਭਾਗ ਨੇ ਕਿਹਾ ਕਿ ਇਨ੍ਹਾਂ ‘ਚੋਂ 9 ਲੋਕ ਗੰਭੀਰ ਜ਼ਖਮੀ ਹਨ, ਹਾਲਾਂਕਿ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੈ।
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ 32 ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਬੱਸ ਸੜਕ ਦੇ ਵਿਚਕਾਰ ਡਿਵਾਈਡਰ ਨਾਲ ਜਾ ਟਕਰਾਈ। ਮੌਕੇ ਦੀਆਂ ਤਸਵੀਰਾਂ ਵਿੱਚ ਬੱਸ ਡਿਵਾਈਡਰ ‘ਤੇ ਜਾ ਵੱਜੀ ਅਤੇ ਉਸ ਦਾ ਅਗਲਾ ਸ਼ੀਸ਼ਾ ਟੁੱਟਿਆ ਹੋਇਆ ਦਿਖਾਈ ਦੇ ਰਿਹਾ ਹੈ। ਹਾਦਸੇ ਵਿੱਚ ਹੋਰ ਵਾਹਨ ਵੀ ਨੁਕਸਾਨੇ ਗਏ। ਸੇਓਂਗਨਾਮ ਦੇ ਬੁੰਡਾਂਗ ਜ਼ਿਲ੍ਹਾ ਪੁਲਿਸ ਅਧਿਕਾਰੀ, ਪਾਰਕ ਚਾਂਗ-ਗੋਨ ਨੇ ਕਿਹਾ ਕਿ ਪੁਲਿਸ ਬੱਸ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਹ ਅਲਕੋਹਲ ਟੈਸਟ ਤੋਂ ਇਹ ਪੁਸ਼ਟੀ ਨਹੀਂ ਹੋਈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਡਰਾਈਵਰ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਬੱਸ ਦੇ ਬ੍ਰੇਕ ਫੇਲ ਹੋ ਗਏ ਸਨ।
