ਕੀਵ: ਯੂਕਰੇਨ ਦੇ ਦੱਖਣੀ ਹਿੱਸੇ ਵਿੱਚ ਬੀਤੇ ਦਿਨੀਂ ਇੱਕ ਯਾਤਰੀ ਬੱਸ ਨੂੰ ਡਰੋਨ ਹਮਲੇ ਵਿੱਚ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਯੂਕਰੇਨੀ ਅਧਿਕਾਰੀਆਂ ਮੁਤਾਬਕ ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਹਮਲਾ ਨਿਪਰੋਪੇਤ੍ਰੋਵਸਕ ਖੇਤਰ ਦੇ ਨਿਕੋਪੋਲ ਜ਼ਿਲ੍ਹੇ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ। ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਓਲੇਕਸਾਂਦਰ ਹਾਂਝਾ ਮੁਤਾਬਕ ਹਮਲੇ ਵਿੱਚ ਮਾਰੇ ਗਏ ਪੰਜ ਲੋਕਾਂ ਦੀ ਮੌਤ ਮੌਕੇ ’ਤੇ ਹੀ ਹੋ ਗਈ ਸੀ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਜਨਤਕ ਆਵਾਜਾਈ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ ਕਿ ਰੂਸ ਵੱਲੋਂ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਜਾਰੀ ਹੈ।
ਯਾਤਰੀ ਟਰੇਨ ’ਤੇ ਵੀ ਹਮਲੇ ਦਾ ਦਾਅਵਾ
ਜ਼ੇਲੇਂਸਕੀ ਮੁਤਾਬਕ ਮਾਇਕੋਲਾਈਵ ਖੇਤਰ ਵਿੱਚ ਇੱਕ ਯਾਤਰੀ ਟਰੇਨ ਨੂੰ ਵੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਇਸ ਕਾਰਨ ਇੱਕ ਰੇਲਵੇ ਸਟੇਸ਼ਨ ਅਤੇ ਡੀਜ਼ਲ ਇੰਜਣ ਨੂੰ ਨੁਕਸਾਨ ਪਹੁੰਚਣ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਪਹਿਲਾਂ ਟਰੇਨ ਵਿੱਚ ਸਵਾਰ ਕਰੀਬ 170 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।
ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬਿਹਾ ਨੇ ਵੀ ਰੂਸੀ ਹਮਲਿਆਂ ਨੂੰ ਲੈ ਕੇ ਰੇਲਵੇ ਨੈੱਟਵਰਕ ਦਾ ਮੁੱਦਾ ਚੁੱਕਿਆ। ਉਨ੍ਹਾਂ ਦੇ ਦਾਅਵੇ ਮੁਤਾਬਕ ਫਰਵਰੀ 2022 ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਦੇ ਰੇਲ ਨੈੱਟਵਰਕ ’ਤੇ ਹੋਏ ਹਮਲਿਆਂ ਵਿੱਚ 500 ਤੋਂ ਵੱਧ ਇੰਜਣ ਨੁਕਸਾਨੇ ਜਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰੂਸੀ ਫੌਜ ਵੱਲੋਂ ਯਾਤਰੀ ਟਰੇਨਾਂ, ਇੰਜਣਾਂ, ਰੇਲਵੇ ਸਟੇਸ਼ਨਾਂ ਅਤੇ ਰੇਲ ਮਾਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਯੂਕਰੇਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਰੇਲਵੇ ਨੈੱਟਵਰਕ ਆਮ ਲੋਕਾਂ ਦੀ ਆਵਾਜਾਈ, ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਅਤੇ ਦੇਸ਼ ਦੀ ਅਰਥਵਿਵਸਥਾ ਲਈ ਮਹੱਤਵਪੂਰਨ ਹੈ। ਉਨ੍ਹਾਂ ਇਨ੍ਹਾਂ ਹਮਲਿਆਂ ਨੂੰ ਨਾਗਰਿਕ ਜੀਵਨ ’ਤੇ ਗੰਭੀਰ ਅਸਰ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ।












