ਨਵੀਂ ਦਿੱਲੀ: ਭਾਰਤੀ ਡਾਕ ਸੇਵਾ ਦੇ 1988 ਬੈਚ ਦੇ ਅਧਿਕਾਰੀ ਡਾ. ਵਿਨੈ ਪ੍ਰਕਾਸ਼ ਸਿੰਘ ਨੂੰ ਏਸ਼ੀਅਨ-ਪੈਸੀਫਿਕ ਪੋਸਟਲ ਯੂਨੀਅਨ (APPU) ਦੇ ਜਨਰਲ ਸਕੱਤਰ ਵਜੋਂ ਲਗਾਤਾਰ ਦੂਜੀ ਵਾਰ ਚਾਰ ਵਰ੍ਹਿਆ ਦੇ ਕਾਰਜਕਾਲ ਲਈ ਮੁੜ ਚੁਣਿਆ ਗਿਆ ਹੈ। 4 ਸਤੰਬਰ, 2026 ਨੂੰ ਬੈਂਕੌਕ ਵਿੱਚ ਆਯੋਜਿਤ 14ਵੇਂ APPU ਸੰਮੇਲਨ ਵਿੱਚ ਉਨ੍ਹਾਂ ਨੂੰ ਬਿਨਾਂ ਵਿਰੋਧ ਚੁਣੇ ਜਾਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੀ ਇਹ ਮੁੜ ਚੋਣ ਏਸ਼ੀਅਨ-ਪੈਸੀਫਿਕ ਖੇਤਰ ਦੇ ਡਾਕ ਪ੍ਰਸ਼ਾਸਨਾਂ ਦੇ ਉਨ੍ਹਾਂ ਦੀ ਅਗਵਾਈ ਵਿੱਚ ਵਿਸ਼ਵਾਸ ਅਤੇ ਸਰਬਸੰਮਤੀ ਨੂੰ ਦਰਸਾਉਂਦੀ ਹੈ ਅਤੇ ਅੰਤਰਰਾਸ਼ਟਰੀ ਡਾਕ ਸਹਿਯੋਗ ਵਿੱਚ ਭਾਰਤ ਦੇ ਯੋਗਦਾਨ ਦੀ ਇੱਕ ਮਹੱਤਵਪੂਰਨ ਮਾਨਤਾ ਹੈ। ਉਨ੍ਹਾਂ ਦਾ ਦੂਜਾ ਕਾਰਜਕਾਲ ਜਨਵਰੀ 2027 ਤੋਂ ਸ਼ੁਰੂ ਹੋ ਕੇ ਦਸੰਬਰ 2030 ਤੱਕ ਚੱਲੇਗਾ।
ਡਾ. ਸਿੰਘ ਦੀ ਮੁੜ ਚੋਣ ਅਜਿਹੇ ਸਮੇਂ ਹੋਈ ਹੈ ਜਦੋਂ APPU ਏਸ਼ੀਅਨ-ਪੈਸੀਫਿਕ ਰੀਜ਼ਨ ਵਿੱਚ ਡਾਕ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਬੈਂਕੌਕ ਵਿੱਚ ਹੈੱਡਕੁਆਰਟਰ ਵਾਲਾ ਇਹ ਸੰਘ 32 ਮੈਂਬਰ ਦੇਸ਼ਾਂ ਦਾ ਇੱਕ ਅੰਤਰ-ਸਰਕਾਰੀ ਸੰਗਠਨ ਹੈ ਅਤੇ ਸੰਯੁਕਤ ਰਾਸ਼ਟਰ ਦੀ ਡਾਕ ਖੇਤਰ ਲਈ ਵਿਸ਼ੇਸ਼ ਏਜੰਸੀ, ਯੂਨੀਵਰਸਲ ਪੋਸਟਲ ਯੂਨੀਅਨ (UPU) ਦੇ ਖੇਤਰੀ ਸੰਘ ਵਜੋਂ ਕੰਮ ਕਰਦਾ ਹੈ। 2022 ਵਿੱਚ 13ਵੇਂ APPU ਕਾਂਗਰਸ ਵਿੱਚ ਆਪਣੀ ਪਹਿਲੀ ਚੋਣ ਤੋਂ ਬਾਅਦ ਜਨਵਰੀ 2023 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ, ਡਾ. ਸਿੰਘ ਨੇ ਡਾਕ ਪ੍ਰਸ਼ਾਸਨਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਪੂਰੇ ਖੇਤਰ ਵਿੱਚ ਡਾਕ ਸੇਵਾਵਾਂ ਦੇ ਵਿਕਾਸ ਅਤੇ ਆਧੁਨਿਕੀਕਰਣ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਦੂਜਾ ਕਾਰਜਕਾਲ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਡਾਕ ਖੇਤਰ ਵਿੱਚ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਦਾ ਹੋਰ ਮੌਕਾ ਪ੍ਰਦਾਨ ਕਰੇਗਾ।
ਤਿੰਨ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ, ਡਾ. ਸਿੰਘ ਨੇ ਭਾਰਤ ਸਰਕਾਰ ਵਿੱਚ ਕਈ ਸੀਨੀਅਰ ਅਹੁਦਿਆਂ ‘ਤੇ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਡਾਕ ਸੇਵਾ ਬੋਰਡ ਦੇ ਮੈਂਬਰ, ਡਾਕ ਵਿਭਾਗ ਵਿੱਚ ਸੀਨੀਅਰ ਡਿਪਟੀ ਡਾਇਰੈਕਟਰ ਜਨਰਲ ਅਤੇ ਮੁੱਖ ਵਿਜੀਲੈਂਸ ਅਫ਼ਸਰ, ਉੱਤਰ ਪ੍ਰਦੇਸ਼ ਸਰਕਲ ਦੇ ਚੀਫ ਪੋਸਟਮਾਸਟਰ ਜਨਰਲ ਅਤੇ ਇੰਡੀਆ ਪੋਸਟ ਹੈੱਡਕੁਆਰਟਰ ਵਿੱਚ ਚੀਫ ਜਨਰਲ ਮੈਨੇਜਰ ਸ਼ਾਮਲ ਹਨ। ਉਨ੍ਹਾਂ ਨੇ ਸੰਘ ਲੋਕ ਸੇਵਾ ਕਮਿਸ਼ਨ (UPSC), ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਅਤੇ ਆਰਮੀ ਪੋਸਟਲ ਸਰਵਿਸ ਕੋਰ ਵਿੱਚ ਵੀ ਕੰਮ ਕੀਤਾ ਹੈ। ਇੱਕ ਪ੍ਰਤਿਸ਼ਠਾਵਾਨ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ, ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਆਧੁਨਿਕ ਇਤਿਹਾਸ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਅਤੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ, ਦਿੱਲੀ ਤੋਂ ਮੈਨੇਜਮੈਂਟ ਵਿੱਚ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਹੈ। ਡਾਕ ਵਿਭਾਗ ਡਾ. ਵਿਨੈ ਪ੍ਰਕਾਸ਼ ਸਿੰਘ ਨੂੰ ਉਨ੍ਹਾਂ ਦੀ ਮੁੜ ਚੋਣ ‘ਤੇ ਵਧਾਈ ਦਿੰਦਾ ਹੈ ਅਤੇ ਏਸ਼ੀਅਨ-ਪੈਸੀਫਿਕ ਪੋਸਟਲ ਯੂਨੀਅਨ ਦੇ ਜਨਰਲ ਸਕੱਤਰ ਵਜੋਂ ਉਨ੍ਹਾਂ ਦੇ ਸਫ਼ਲ ਅਤੇ ਪ੍ਰਭਾਵਸ਼ਾਲੀ ਦੂਜੇ ਕਾਰਜਕਾਲ ਦੀ ਕਾਮਨਾ ਕਰਦਾ ਹੈ।












