ਪਟਿਆਲਾ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਬਰਸਾਤੀ ਪਾਣੀ ਖੜ੍ਹਨ ਦੀ ਸਮੱਸਿਆ ਨਾਲ ਜੂਝ ਰਹੇ ਤ੍ਰਿਪੜੀ ਦੇ ਅਨੰਦ ਨਗਰ-ਏ, ਦਸਮੇਸ਼ ਨਗਰ-ਬੀ ਤੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਹੁਣ ਵੱਡੀ ਰਾਹਤ ਮਿਲੇਗੀ।
ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਵਾਰਡ ਨੰਬਰ 6 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ 45 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਇਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਉਨ੍ਹਾਂ ਨੇ ਵਾਰਡ ਨੰਬਰ 4 ਅਨੰਦ ਨਗਰ-ਬੀ ਤੋਂ ਜੇਲ੍ਹ ਰੋਡ ਨੂੰ ਜਾਂਦੀ ਸੜਕ ‘ਤੇ ਖੜ੍ਹਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਤਜਵੀਜ਼ ਦਾ ਵੀ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ, ਇਸ ਦਾ ਕੰਮ ਵੀ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਵਾਇਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਆਪਣੇ ਹਲਕੇ ਦੇ ਵਸਨੀਕਾਂ ਨੂੰ ਮਿਲਦਿਆਂ ਕਿਹਾ ਕਿ ਉਨ੍ਹਾਂ ਉਪਰ ਲੋਕਾਂ ਦੇ ਬਹੁਤ ਅਹਿਸਾਨ ਹਨ, ਜਿਸ ਲਈ ਵਿਕਾਸ ਕਾਰਜ ਕਰਵਾ ਕੇ ਉਹ ਲੋਕਾਂ ਦੇ ਕਰਜੇ ਦਾ ਵਿਆਜ ਮੋੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਿੱਥੇ ਲੋਕਾਂ ਨੂੰ ਬਿਹਤਰ ਇਲਾਜ ਸਹੂਲਤਾਂ ਪ੍ਰਦਾਨ ਕਰਵਾਈਆਂ ਹਨ, ਉਥੇ ਹੀ 10 ਲੱਖ ਰੁਪਏ ਤੱਕ ਦੇ ਇਲਾਜ ਵਾਲੀ ਮੁੱਖ ਮੰਤਰੀ ਸਿਹਤ ਯੋਜਨਾ ਸਮੇਤ ਮਹਿਲਾਵਾਂ ਲਈ 1000-1500 ਰੁਪਏ ਵਿੱਤੀ ਸਹਾਇਤਾ ਮਾਵਾਂ-ਧੀਆਂ ਸਤਿਕਾਰ ਯੋਜਨਾ ਤੋਂ ਇਲਾਵਾ ਲੋਕਾਂ ਨੂੰ ਰਾਸ਼ਨ ਪ੍ਰਦਾਨ ਕਰਨ ਲਈ ਮੇਰੀ ਰਸੋਈ ਵਰਗੀ ਅਹਿਮ ਯੋਜਨਾ ਵੀ ਅਰੰਭੀ ਹੈ।
ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਅਨੰਦ ਨਗਰ ਏ ਦੇ ਗੁਰਦੁਆਰਾ ਸਾਹਿਬ ਨੇੜੇ ਸਟਰੌਮ ਵਾਟਰ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਅਤੇ ਨਾਲ ਹੀ ਦਸਮੇਸ਼ ਨਗਰ ਬੀ ਵਿਖੇ ਵੀ ਕੀਤੇ ਜਾਣ ਵਾਲੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰਸਟ ਚੇਅਰਮੈਨ ਹਰਪਾਲ ਸਿੰਘ ਵਿਰਕ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਪ੍ਰਿੰਸੀਪਲ ਜੇ.ਪੀ. ਸਿੰਘ, ਕੌਂਸਲਰ ਜਸਬੀਰ ਸਿੰਘ ਗਾਂਧੀ, ਚਰਨਜੀਤ ਸਿੰਘ ਐਸ.ਕੇ, ਮਨਦੀਪ ਸਿੰਘ ਵਿਰਦੀ, ਗੱਜਣ ਸਿੰਘ, ਮਨਿੰਦਰ ਸਿੰਘ, ਅਵਤਾਰ ਸਿੰਘ, ਖੁਸ਼ਹਾਲ ਸਿੰਘ, ਗੁਰਚਰਨ ਸਿੰਘ ਰੁਪਾਣਾ, ਕਰਮਜੀਤ ਸਿੰਘ ਬੈਂਸ, ਰੇਖਾ ਰਾਣੀ, ਮਨਜੀਤ ਕੌਰ, ਅਮਨਜੀਤ ਕੌਰ, ਰਾਜਵਿੰਦਰ ਕੌਰ, ਮਿਨਾਕਸ਼ੀ, ਸ਼ਿਖਾ ਸ਼ਰਮਾ, ਕਾਕਾ ਸਿੰਘ, ਪਟਵਾਰੀ ਕਮਲ ਸ਼ਰਮਾ, ਹਰਪਾਲ ਸਿੰਘ ਸੰਧੂ, ਵਿਪਨ ਕੁਮਾਰ, ਹਰਬੰਸ ਸਿੰਘ, ਮਲਕੀਤ ਸਿੰਘ ਖੱਟੜਾ ਤੇ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ।












