ਜਲੰਧਰ : ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਬੇਟੇ ਦਿਵਿਤ ਔਲਖ ਦਾ ਅੱਜ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੰਤਿਮ ਵਿਦਾਈ ਤੋਂ ਪਹਿਲਾਂ ਪੰਜਾਬੀ ਗਾਇਕ ਜੈਜ਼ੀ ਬੀ, ਇੰਦਰ ਚਾਹਲ, ਗਿੱਪੀ ਗਰੇਵਾਲ ਸਮੇਤ ਕਈ ਗਾਇਕ ਅਤੇ ਹੋਰ ਮਸ਼ਹੂਰ ਹਸਤੀਆਂ ਦਿਨੇਸ਼ ਔਲਖ ਦੇ ਘਰ ਪਹੁੰਚੀਆਂ। ਦਿਵਿਤ ਦੀ ਅੰਤਿਮ ਯਾਤਰਾ ਫੁੱਲਾਂ ਨਾਲ ਸਜਾਈ ਗੱਡੀ ਵਿਚ ਹੋਈ।
ਜ਼ਿਕਰਯੋਗ ਹੈ ਕਿ ਦਿ ਵਿਤ ਔਲਖ ਦੀ ਐਤਵਾਰ ਦੇਰ ਰਾਤ ਜਲੰਧਰ ‘ਚ ਹੋਏ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਇਹ ਹਾਦਸਾ ਪੁਲਿਸ ਲਾਈਨਜ਼ ਨੇੜੇ ਸਥਿਤ ਫਲਾਈਓਵਰ ’ਤੇ ਵਾਪਰਿਆ। ਦਿਵਿਤ ਆਪਣੇ ਦੋਸਤ ਨਾਲ ਜਨਮਦਿਨ ਪਾਰਟੀ ਤੋਂ ਕਾਰ ‘ਚ ਘਰ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਫਲਾਈਓਵਰ ’ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛੇ ਤੋਂ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ‘ਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦੂਜੇ ਨੌਜਵਾਨ ਦੀ ਪਛਾਣ ਪੱਪੀ ਸਵੀਟਸ ਪਰਿਵਾਰ ਨਾਲ ਸਬੰਧਤ ਆਰਵ ਤਲਵਾੜ ਵਜੋਂ ਹੋਈ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਆਰਵ ਅਮਰਨਾਥ ਤਲਵਾਰ ਦਾ ਪੋਤਾ ਅਤੇ ਮਨੋਜ ਤਲਵਾਰ ਦਾ ਪੁੱਤਰ ਸੀ। ਅੰਤਿਮ ਸਸਕਾਰ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ।









