ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ CBI ਨੂੰ FIR ਦਰਜ ਕਰਕੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ।
ਦਿਸ਼ਾ ਸਾਲਿਆਨ ਦੀ ਮੌਤ 8 ਜੂਨ 2020 ਨੂੰ ਮੁੰਬਈ ਵਿੱਚ ਹੋਈ ਸੀ। ਇਹ ਮਾਮਲਾ ਕਈ ਸਾਲਾਂ ਤੋਂ ਚਰਚਾ ਵਿੱਚ ਰਿਹਾ ਹੈ ਅਤੇ ਉਨ੍ਹਾਂ ਦੇ ਪਿਤਾ ਸਤੀਸ਼ ਸਾਲਿਆਨ ਵੱਲੋਂ ਜਾਂਚ ’ਤੇ ਸਵਾਲ ਚੁੱਕਦਿਆਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਹਾਈਕੋਰਟ ਦੇ ਹੁਕਮ ਮੁਤਾਬਕ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਦਸਤਾਵੇਜ਼ CBI ਨੂੰ ਸੌਂਪੇ ਜਾਣਗੇ। ਅਦਾਲਤ ਨੇ ਜਾਂਚ ਲਈ ਇੱਕ ਸੀਨੀਅਰ ਅਤੇ ਤਜਰਬੇਕਾਰ ਅਧਿਕਾਰੀ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਹਾਈਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਜਦੋਂ ਤੱਕ ਕਿਸੇ ਵਿਅਕਤੀ ਖ਼ਿਲਾਫ਼ ਕਾਫ਼ੀ ਸਬੂਤ ਨਾ ਮਿਲਣ, ਉਸਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ। ਅਦਾਲਤ ਦਾ ਇਹ ਹੁਕਮ ਮਾਮਲੇ ਦੀ ਅਗਲੀ ਜਾਂਚ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਹੁਣ CBI ਵੱਲੋਂ FIR ਦਰਜ ਕਰਨ ਤੋਂ ਬਾਅਦ ਮਾਮਲੇ ਨਾਲ ਜੁੜੇ ਤੱਥਾਂ, ਸਬੂਤਾਂ ਅਤੇ ਪਹਿਲਾਂ ਹੋਈ ਜਾਂਚ ਦੀ ਸਮੀਖਿਆ ਕੀਤੀ ਜਾਵੇਗੀ। CBI ਜਾਂਚ ਤੋਂ ਬਾਅਦ ਹੀ ਮੌਤ ਨਾਲ ਜੁੜੇ ਸਵਾਲਾਂ ’ਤੇ ਅਗਲੀ ਕਾਨੂੰਨੀ ਸਥਿਤੀ ਸਪੱਸ਼ਟ ਹੋਵੇਗੀ।
