ਰਾਜਸਥਾਨ : ਰਾਜਸਥਾਨ ਵਿੱਚ ਪੱਛਮੀ ਗੜਬੜ ਦੇ ਅਸਰ ਨਾਲ ਬੀਤੇ ਦਿਨ ਸੀਜ਼ਨ ਦੀ ਪਹਿਲੀ ਮਾਵਠ ਹੋਈ। ਜੈਪੁਰ, ਸੀਕਰ, ਬਿਆਵਰ, ਪਾਲੀ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਹਲਕੇ ਮੀਂਹ ਤੋਂ ਬਾਅਦ ਠੰਡ ਵੱਧ ਗਈ। ਸਵੇਰ-ਸਵੇਰ ਧੁੰਦ ਵੀ ਪੈਣ ਲੱਗ ਪਈ ਐ। ਸਰਦੀ ਤੋਂ ਬਚਣ ਲਈ ਲੋਕ ਅੱਗ ਸੇਕਦੇ ਨਜ਼ਰ ਆਏ। ਉੱਥੇ ਹੀ ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਸੰਘਣੀ ਧੁੰਦ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਐ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ
ਮੌਸਮ ਵਿਭਾਗ ਨੇ 29 ਅਤੇ 30 ਨਵੰਬਰ ਲਈ ਯੈਲੋ ਅਲਰਟ ਜਾਰੀ ਕਰਦੇ ਹੋਏ ਅਜਮੇਰ, ਬਿਆਵਰ, ਭੀਲਵਾੜਾ, ਚਿਤੌੜਗੜ੍ਹ, ਰਾਜਸਮੰਦ ਅਤੇ ਟੋਂਕ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ। ਉੱਥੇ ਹੀ ਦਸੰਬਰ ਮਹੀਨੇ ਲਈ ਵੀ ਹੁਣ ਤੋਂ ਚੇਤਾਵਨੀ ਆ ਗਈ ਹੈ। ਦਸੰਬਰ ਵਿੱਚ ਕੜਾਕੇ ਦੀ ਠੰਡ ਸ਼ੁਰੂ ਹੋ ਜਾਵੇਗੀ, ਇਸ ਤਰ੍ਹਾਂ ਵਿਭਾਗ ਨੇ 2 ਦਸੰਬਰ ਲਈ ਝੁੰਝੁਨੂੰ, ਸੀਕਰ, ਚੂਰੂ, ਡੀਡਵਾਨਾ-ਕੁਚਾਮਨ ਅਤੇ ਨਾਗੌਰ ਵਿੱਚ ਠੰਡ ਦੀ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਕੋਟਾ ਵਿੱਚ ਵੀ ਬਦਲਿਆ ਮੌਸਮ
ਕੋਟਾ ਸ਼ਹਿਰ ਵਿੱਚ ਬੱਦਲ, ਹਵਾ ਦੀ ਨਮੀ ਅਤੇ ਰਾਤ ਵੇਲੇ ਤਾਪਮਾਨ ਵਿੱਚ ਗਿਰਾਵਟ ਕਾਰਨ ਧੁੰਦ ਦੀਆਂ ਸਥਿਤੀਆਂ ਬਣੀਆਂ ਹੋਈਆਂ ਹਨ। ਕੋਟਾ ਸਮੇਤ ਹਾੜੋਤੀ ਵਿੱਚ ਇਨ੍ਹਾਂ ਦੋ ਦਿਨਾਂ ਵਿੱਚ ਸਵੇਰੇ ਅਤੇ ਦੇਰ ਸ਼ਾਮ ਠੰਢੀਆਂ ਹਵਾਵਾਂ ਕਾਰਨ ਠੰਡ ਹੋਰ ਵੱਧ ਸਕਦੀ ਹੈ। ਦਿਨ ਵਿੱਚ ਧੁੱਪ ਖਿੜਨ ਤੋਂ ਬਾਅਦ ਈ ਮੌਸਮ ਵਿੱਚ ਕੁਝ ਰਾਹਤ ਮਿਲੇਗੀ। ਕੋਟਾ ਵਿੱਚ ਸ਼ੁੱਕਰਵਾਰ ਨੂੰ ਪਾਰਾ ਇੱਕ ਡਿਗਰੀ ਡਿੱਗ ਗਿਆ। ਵੱਧ ਤੋਂ ਵੱਧ ਤਾਪਮਾਨ 26.1 ਤੇ ਘੱਟ ਤੋਂ ਘੱਟ ਤਾਪਮਾਨ 1 ਡਿਗਰੀ ਡਿੱਗ ਕੇ 14.4 ਡਿਗਰੀ ਸੈਲਸੀਅਸ ਰਿਹਾ। ਹਵਾ ਦੀ ਰਫ਼ਤਾਰ 3 ਕਿਲੋਮੀਟਰ ਪ੍ਰਤੀ ਘੰਟਾ ਰਹੀ।
ਦਸੰਬਰ ਵਿੱਚ ਚਲੇਗੀ ਸ਼ੀਤ ਲਹਿਰ
ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਠੰਡ ਦੀ ਸ਼ੁਰੂਆਤ ਹੋਣ ਦੇ ਸੰਕੇਤ ਵੀ ਮਿਲੇ ਹਨ। ਉੱਤਰ ਭਾਰਤ ਵਿੱਚ ਬਰਫ਼ਬਾਰੀ ਅਤੇ ਉੱਤਰੀ ਹਵਾਵਾਂ ਦੇ ਸਰਗਰਮ ਹੋਣ ਨਾਲ ਸੂਬੇ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਠੰਡ ਦੇ ਕਾਰਨ ਘੱਟੋ-ਘੱਟ ਤਾਪਮਾਨ ਤੇਜ਼ੀ ਨਾਲ ਹੇਠਾਂ ਜਾਵੇਗਾ ਅਤੇ ਸਰਦੀ ਵਧੇਗੀ।











