ਨਵੀਂ ਦਿੱਲੀ : ਰਾਜਧਾਨੀ ਦਿੱਲੀ ਤੋਂ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਤਿੰਨ ਦਿਨਾਂ ਤੱਕ ਪਹਾੜਗੰਜ ਅਤੇ ਸਦਰ ਬਾਜ਼ਾਰ ਇਲਾਕੇ ਦੇ ਲਈ ਵਿਸ਼ੇਸ਼ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਹ ਐਡਵਾਇਜ਼ਰੀ ਸਦਰ ਬਾਜ਼ਾਰ ਸਥਿਤ ਸ਼ਾਹੀ ਈਦਗਾਹ ਵਿੱਚ ਆਯੋਜਿਤ ਹੋਣ ਵਾਲੇ ਸਲਾਨਾ ਇਜਤੇਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੀ ਗਈ ਹੈ। ਇਸ ਇਜਤੇਮਾ ਵਿੱਚ ਹਰ ਦਿਨ ਲਗਭਗ 50,000 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਜਾਮ ਦੀ ਸਥਿਤੀ
ਪੁਲਿਸ ਦੇ ਅਨੁਸਾਰ, ਇਲਾਕੇ ਵਿੱਚੋਂ ਲੰਘਣ ਵਾਲੇ ਲੋਕਾਂ ਅਤੇ ਵਾਹਨਾਂ ਦੀ ਵੱਡੀ ਗਿਣਤੀ ਦੇ ਕਾਰਨ, 10 ਅਪ੍ਰੈਲ ਤੋਂ 12 ਅਪ੍ਰੈਲ ਤੱਕ ਤਿੰਨ ਦਿਨਾਂ ਦੌਰਾਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਵੇਗੀ। ਕਈ ਪ੍ਰਮੁੱਖ ਸੜਕਾਂ ‘ਤੇ ਆਵਾਜਾਈ ਹੌਲੀ ਹੋ ਸਕਦੀ ਹੈ ਜਾਂ ਲੋੜ ਪੈਣ ‘ਤੇ ਡਾਇਵਰਟ ਵੀ ਕੀਤਾ ਜਾ ਸਕਦਾ ਹੈ। ਖਾਸ ਤੌਰ ‘ਤੇ ਰਾਣੀ ਝਾਂਸੀ ਰੋਡ, ਰਾਮਕ੍ਰਿਸ਼ਨ ਰੋਡ ਅਤੇ ਈਦਗਾਹ ਦੇ ਗੋਲ ਚੱਕਰ ਨਾਲ ਜੁੜਨ ਵਾਲੇ ਰਸਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹਿਣਗੇ।
12 ਅਪ੍ਰੈਲ ਨੂੰ ਟ੍ਰੈਫਿਕ ਜਾਮ ਦੀ ਸਥਿਤੀ ਹੋ ਸਕਦੀ ਹੈ ਗੰਭੀਰ
ਟ੍ਰੈਫਿਕ ਐਡਵਾਇਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਈਦਗਾਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਐਤਵਾਰ, 12 ਅਪ੍ਰੈਲ ਨੂੰ ਰਾਤ 10 ਵਜੇ ਤੋਂ ਬਾਅਦ ਟ੍ਰੈਫਿਕ ਜਾਮ ਹੋਰ ਵੀ ਵਧ ਸਕਦਾ ਹੈ, ਜਦੋਂ ਇਹ ਸਮਾਗਮ ਸਮਾਪਤ ਹੋਵੇਗਾ। ਇਸ ਲਈ, ਲੋਕਾਂ ਨੂੰ ਇਨ੍ਹਾਂ ਇਲਾਕਿਆਂ ਵਿੱਚੋਂ ਲੰਘਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਟ੍ਰੈਫਿਕ ਪੁਲਿਸ ਵੱਲੋਂ ਵਿਕਲਪਿਕ ਰਸਤੇ ਚੁਣਨ ਦੀ ਅਪੀਲ
ਟ੍ਰੈਫਿਕ ਪੁਲਿਸ ਨੇ ਡਰਾਈਵਰਾਂ ਨੂੰ ਟ੍ਰੈਫਿਕ ਜਾਮ ਤੋਂ ਬਚਣ ਲਈ ਵਿਕਲਪਿਕ ਰਸਤੇ ਲੈਣ ਦੀ ਸਲਾਹ ਦਿੱਤੀ ਹੈ। ਖਾਸ ਤੌਰ ‘ਤੇ, ਉਨ੍ਹਾਂ ਨੂੰ ਸਦਰ ਬਾਜ਼ਾਰ ਅਤੇ ਈਦਗਾਹ ਵੱਲ ਜਾਣ ਦੀ ਬਜਾਏ ਫੈਜ਼ ਰੋਡ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਇਸ ਦੇ ਦਿੱਲੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਬੇਲੋੜੀ ਦੇਰੀ ਤੋਂ ਬਚਣ ਲਈ ਘਰੋਂ ਜਲਦੀ ਨਿਕਲਣ ਦੀ ਅਪੀਲ ਵੀ ਕੀਤੀ ਹੈ।
ਦਿੱਲੀ ਟ੍ਰੈਫਿਕ ਪੁਲਿਸ ਨੇ ਇਹ ਵੀ ਕਿਹਾ ਕਿ ਯਾਤਰੀਆਂ ਨੂੰ ਰੀਅਲ-ਟਾਈਮ ਅਪਡੇਟਸ ਦੇ ਲਈ ਇਸਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਹੋਰ ਜਾਣਕਾਰੀ ਚੈਨਲਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਨਾਲ ਉਹ ਨਵੀਨਤਮ ਟ੍ਰੈਫਿਕ ਸਥਿਤੀ ਦੇ ਆਧਾਰ ‘ਤੇ ਆਪਣੇ ਰੂਟ ਬਦਲ ਸਕਣਗੇ।
