ਨਵੀਂ ਦਿੱਲੀ: ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਰੇਲਵੇ ਬੋਰਡ ਨੇ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਟ੍ਰੇਨਾਂ ਦੇ ਡੱਬਿਆਂ ਵਿੱਚ ਮੋਬਾਈਲ ਚਾਰਜਿੰਗ ਪੁਆਇੰਟ ਬੰਦ ਰੱਖਣ ਦੇ ਨਿਯਮ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਛੇ ਘੰਟਿਆਂ ਲਈ ਚਾਰਜਿੰਗ ਦੀ ਸਹੂਲਤ ਬੰਦ ਰੱਖਣੀ ਲਾਜ਼ਮੀ ਹੋਵੇਗੀ।
26 ਅਕਤੂਬਰ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਸਾਰੇ ਜ਼ੋਨਲ ਰੇਲਵੇ ਨੂੰ ਇਸ ਨਿਯਮ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਨਾਲ ਹੀ, ਇਸ ਦੀ ਪਾਲਣਾ ਵਿੱਚ ਲਾਪਰਵਾਹੀ ਵਰਤਣ ਵਾਲੇ ਕਰਮਚਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇਗੀ।
ਚਾਰਜਿੰਗ ਪੁਆਇੰਟ ਬੰਦ ਕਰਨ ਦਾ ਕੀ ਹੈ ਕਾਰਨ?
ਰੇਲਵੇ ਦਾ ਇਹ ਕਦਮ ਦੱਖਣੀ ਪੂਰਬੀ ਰੇਲਵੇ ਵਿੱਚ ਪਾਵਰ ਬੈਂਕ ਨਾਲ ਵਾਪਰੀ ਇੱਕ ਘਟਨਾ ਤੋਂ ਬਾਅਦ ਚੁੱਕਿਆ ਗਿਆ ਹੈ। ਜਾਣਕਾਰੀ ਮੁਤਾਬਕ, ਚਾਰਜਿੰਗ ਦੌਰਾਨ ਇੱਕ ਯਾਤਰੀ ਦਾ ਪਾਵਰ ਬੈਂਕ ਫਟ ਗਿਆ ਅਤੇ ਉਸ ਵਿੱਚੋਂ ਧੂੰਆਂ ਨਿਕਲਣ ਲੱਗਾ। ਦੱਸਿਆ ਗਿਆ ਕਿ ਸਬੰਧਤ ਟ੍ਰੇਨ ਵਿੱਚ ਨਿਰਧਾਰਤ ਸਮੇਂ ਦੌਰਾਨ ਚਾਰਜਿੰਗ ਪੁਆਇੰਟ ਬੰਦ ਨਹੀਂ ਕੀਤੇ ਗਏ ਸਨ।
ਇਸ ਘਟਨਾ ਤੋਂ ਬਾਅਦ ਰੇਲਵੇ ਨੇ ਅੱਗ ਲੱਗਣ ਅਤੇ ਬਿਜਲੀ ਨਾਲ ਜੁੜੇ ਹਾਦਸਿਆਂ ਦੇ ਖ਼ਤਰੇ ਨੂੰ ਘਟਾਉਣ ਲਈ ਨਿਯਮਾਂ ਦੀ ਪਾਲਣਾ ਹੋਰ ਸਖ਼ਤੀ ਨਾਲ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
2014 ਦੇ ਪੁਰਾਣੇ ਹੁਕਮ ਨੂੰ ਮੁੜ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ
ਰੇਲਵੇ ਬੋਰਡ ਨੇ ਆਪਣੇ ਪੱਤਰ ਵਿੱਚ 19 ਜੂਨ 2014 ਨੂੰ ਜਾਰੀ ਕੀਤੇ ਹੁਕਮ ਦਾ ਵੀ ਹਵਾਲਾ ਦਿੱਤਾ ਹੈ। ਇਸ ਹੁਕਮ ਅਨੁਸਾਰ ਵੀ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਟ੍ਰੇਨਾਂ ਦੇ ਡੱਬਿਆਂ ਵਿੱਚ ਚਾਰਜਿੰਗ ਪੁਆਇੰਟ ਬੰਦ ਰੱਖਣ ਦੇ ਨਿਰਦੇਸ਼ ਸਨ। ਹੁਣ ਬੋਰਡ ਨੇ ਸਾਰੇ ਖੇਤਰੀ ਰੇਲਵੇ ਅਧਿਕਾਰੀਆਂ ਨੂੰ ਇਸ ਨਿਯਮ ਨੂੰ ਲਾਜ਼ਮੀ ਤੌਰ ’ਤੇ ਲਾਗੂ ਕਰਵਾਉਣ ਲਈ ਕਿਹਾ ਹੈ।
ਕਰਮਚਾਰੀਆਂ ’ਤੇ ਰਹੇਗੀ ਨਿਗਰਾਨੀ
ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਰੇਲਵੇ ਕਰਮਚਾਰੀਆਂ ਨੂੰ ਜ਼ਰੂਰੀ ਹਦਾਇਤਾਂ ਦੇਣ ਦੇ ਨਾਲ-ਨਾਲ ਸਿਖਲਾਈ ਅਤੇ ਸਲਾਹ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਅਧਿਕਾਰੀ ਅਤੇ ਨਿਗਰਾਨ ਕਰਮਚਾਰੀ ਅਚਨਚੇਤ ਜਾਂਚ ਵੀ ਕਰਨਗੇ, ਤਾਂ ਜੋ ਇਹ ਪਤਾ ਲੱਗ ਸਕੇ ਕਿ ਚਾਰਜਿੰਗ ਪੁਆਇੰਟ ਨਿਰਧਾਰਤ ਸਮੇਂ ’ਤੇ ਬੰਦ ਕੀਤੇ ਜਾ ਰਹੇ ਹਨ ਜਾਂ ਨਹੀਂ।
ਯਾਤਰੀਆਂ ਨੂੰ ਕੀ ਰੱਖਣਾ ਪਵੇਗਾ ਧਿਆਨ?
ਰੇਲਵੇ ਦੇ ਇਸ ਨਿਯਮ ਕਾਰਨ ਯਾਤਰੀਆਂ ਨੂੰ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਡੱਬਿਆਂ ਵਿੱਚ ਲੱਗੇ ਚਾਰਜਿੰਗ ਪੁਆਇੰਟਾਂ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਲਈ ਸਫ਼ਰ ਦੌਰਾਨ ਮੋਬਾਈਲ ਦੀ ਬੈਟਰੀ ਅਤੇ ਚਾਰਜਿੰਗ ਦੀ ਯੋਜਨਾ ਪਹਿਲਾਂ ਹੀ ਬਣਾ ਕੇ ਰੱਖਣਾ ਲਾਭਦਾਇਕ ਰਹੇਗਾ। ਰੇਲਵੇ ਦਾ ਮੁੱਖ ਉਦੇਸ਼ ਟ੍ਰੇਨਾਂ ਵਿੱਚ ਅੱਗ ਲੱਗਣ ਅਤੇ ਹੋਰ ਬਿਜਲੀ ਸਬੰਧੀ ਹਾਦਸਿਆਂ ਦੇ ਖ਼ਤਰੇ ਨੂੰ ਘਟਾਉਣਾ ਹੈ।
