ਮੁੰਬਈ: ਮਨੋਰੰਜਨ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਅਤੇ ਕੰਟੈਂਟ ਕ੍ਰਿਏਟਰ ਦਿਵਿਆ ਵਿਨੇਕਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਦੋਸਤ ਅਤੇ ਮਸ਼ਹੂਰ ਰੇਡੀਓ ਜੌਕੀ (RJ) ਰੋਹਿਣੀ ਰਾਮਨਾਥਨ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।
ਰੋਹਿਣੀ ਨੇ ਇੰਸਟਾਗ੍ਰਾਮ ‘ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਦਿਵਿਆ ਦਾ ਦੇਹਾਂਤ ਅਚਾਨਕ ਹੋਇਆ ਹੈ। ਉਨ੍ਹਾਂ ਨੇ ਦਿਵਿਆ ਦੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਪ੍ਰਤੀ ਹਮਦਰਦੀ ਪ੍ਰਗਟਾਈ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਤੋਂ ਸਵਾਲ ਨਾ ਪੁੱਛੇ ਜਾਣ ਅਤੇ ਉਨ੍ਹਾਂ ਨੂੰ ਨਿੱਜਤਾ ਦਿੱਤੀ ਜਾਵੇ।
ਰੇਡੀਓ ਇੰਡਸਟਰੀ ਵਿੱਚ ਵੀ ਬਣਾਈ ਸੀ ਖ਼ਾਸ ਪਛਾਣ
ਰੋਹਿਣੀ ਰਾਮਨਾਥਨ ਨੇ ਆਪਣੀ ਪੋਸਟ ਵਿੱਚ ਦਿਵਿਆ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਅਤੇ ਫੀਵਰ ਐੱਫ.ਐੱਮ. ਦੀ ਟੀਮ ਲਈ ਨਿੱਜੀ ਤੇ ਪੇਸ਼ੇਵਰ ਦੋਵਾਂ ਪੱਖਾਂ ਤੋਂ ਮਜ਼ਬੂਤ ਸਹਾਰਾ ਸਨ।
ਉਨ੍ਹਾਂ ਮੁਤਾਬਕ, ਦਿਵਿਆ ਆਪਣੇ ਕੰਮ ਪ੍ਰਤੀ ਸਮਰਪਣ, ਦਿਆਲੂ ਸੁਭਾਅ ਅਤੇ ਸਮਝਦਾਰੀ ਕਰਕੇ ਵੱਖਰੀ ਪਛਾਣ ਰੱਖਦੇ ਸਨ। ਰੋਹਿਣੀ ਨੇ ਲਿਖਿਆ ਕਿ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ ਅਤੇ ਉਨ੍ਹਾਂ ਨਾਲ ਬਿਤਾਇਆ ਸਮਾਂ ਸਾਰਿਆਂ ਲਈ ਖ਼ਾਸ ਰਹੇਗਾ।
ਆਲੀਆ ਭੱਟ ਦੀ ਫ਼ਿਲਮ ‘ਡਾਰਲਿੰਗਜ਼’ ਵਿੱਚ ਆਈ ਸੀ ਨਜ਼ਰ
ਦਿਵਿਆ ਵਿਨੇਕਰ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਕੰਮ ਕੀਤਾ ਸੀ। ਉਹ ਆਲੀਆ ਭੱਟ ਦੀ ਫ਼ਿਲਮ ‘ਡਾਰਲਿੰਗਜ਼’ ਵਿੱਚ ਮਹਿਲਾ ਪੁਲਸ ਕਾਂਸਟੇਬਲ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਵਿੱਚ ਸ਼ੈਫਾਲੀ ਸ਼ਾਹ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।
ਇਸ ਤੋਂ ਇਲਾਵਾ, ਦਿਵਿਆ ਸਾਲ 2022 ਵਿੱਚ ਰਿਲੀਜ਼ ਹੋਈ ਥ੍ਰਿਲਰ ਫ਼ਿਲਮ ‘ਜਲਸਾ’ ਦਾ ਵੀ ਹਿੱਸਾ ਰਹੀ ਸੀ। ਇਸ ਫ਼ਿਲਮ ਵਿੱਚ ਵਿਦਿਆ ਬਾਲਨ ਅਤੇ ਸ਼ੈਫਾਲੀ ਸ਼ਾਹ ਮੁੱਖ ਭੂਮਿਕਾਵਾਂ ਵਿੱਚ ਸਨ।
ਦੇਹਾਂਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ
ਦਿਵਿਆ ਵਿਨੇਕਰ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਜਾਣਕਾਰਾਂ ਵਿੱਚ ਸੋਗ ਹੈ। ਹਾਲਾਂਕਿ, ਉਨ੍ਹਾਂ ਦੇ ਦੇਹਾਂਤ ਦੇ ਕਾਰਨਾਂ ਅਤੇ ਹੋਰ ਵੇਰਵਿਆਂ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।










