ਲੁਧਿਆਣਾ: ਸ਼ਹਿਰ ਦੀਆਂ ਖ਼ਰਾਬ ਸੜਕਾਂ ਕਾਰਨ ਇੱਕ ਹੋਰ ਜਾਨ ਚਲੀ ਗਈ। ਗਿੱਲ ਰੋਡ ’ਤੇ ਏਟੀਆਈ ਕਾਲਜ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ 32 ਸਾਲਾ ਜਿਮ ਟ੍ਰੇਨਰ ਦੀਪਕ ਕੁਮਾਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਉਬੜ-ਖਾਬੜ ਹਿੱਸੇ ਕਾਰਨ ਉਸ ਦੀ ਬੁਲੇਟ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਡਿੱਗ ਪਿਆ। ਇਸੇ ਦੌਰਾਨ ਪਿੱਛੋਂ ਆ ਰਹੀ PRTC ਦੀ ਬੱਸ ਉਸ ਦੇ ਸਿਰ ਉੱਪਰੋਂ ਲੰਘ ਗਈ।
ਜਾਣਕਾਰੀ ਮੁਤਾਬਕ ਦੀਪਕ ਕੁਮਾਰ ਗਿਆਸਪੁਰਾ ਦਾ ਰਹਿਣ ਵਾਲਾ ਸੀ ਅਤੇ ਜਿਮ ਟ੍ਰੇਨਰ ਵਜੋਂ ਕੰਮ ਕਰਦਾ ਸੀ। ਉਹ ਆਪਣੀ ਬੁਲੇਟ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਤੋਂ ਬਾਅਦ ਘਰ ਪਰਤ ਰਿਹਾ ਸੀ। ਜਦੋਂ ਉਹ ਗਿੱਲ ਰੋਡ ’ਤੇ ਏ.ਟੀ.ਆਈ ਕਾਲਜ ਨੇੜੇ ਪਹੁੰਚਿਆ ਤਾਂ ਸੜਕ ਦਾ ਇੱਕ ਹਿੱਸਾ ਕਾਫ਼ੀ ਖ਼ਰਾਬ ਸੀ। ਇੱਕ ਪਾਸੇ ਲੁੱਕ ਦੀ ਸੜਕ ਸੀ, ਜਦਕਿ ਦੂਜੇ ਪਾਸੇ ਸੀਮਿੰਟ ਦਾ ਪ੍ਰੀਮਿਕਸ ਪਾਇਆ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਬੁਲੇਟ ਦਾ ਪਹੀਆ ਪ੍ਰੀਮਿਕਸ ਵਾਲੇ ਹਿੱਸੇ ’ਤੇ ਚੜ੍ਹਨ ਕਾਰਨ ਦੀਪਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਡਿੱਗ ਪਿਆ। ਇਸੇ ਸਮੇਂ ਪਿੱਛੋਂ ਆ ਰਹੀ PRTC ਬੱਸ ਉਸ ਦੇ ਉੱਪਰੋਂ ਲੰਘ ਗਈ। ਬੱਸ ਦਾ ਪਹੀਆ ਸਿਰ ਉੱਪਰੋਂ ਲੰਘਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਮਗਰੋਂ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਲੋਕਾਂ ਨੇ ਬੱਸ ਦੇ ਕੰਡਕਟਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਚਸ਼ਮਦੀਦਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਕਈ ਵਾਰ ਫੋਨ ਕੀਤਾ, ਪਰ ਦੋਵੇਂ ਕਰੀਬ ਇੱਕ ਘੰਟੇ ਦੀ ਦੇਰੀ ਨਾਲ ਮੌਕੇ ’ਤੇ ਪਹੁੰਚੇ।
ਇਸ ਦੇ ਵਿਰੋਧ ਵਿੱਚ ਇਲਾਕਾ ਵਾਸੀਆਂ ਨੇ ਸੜਕ ’ਤੇ ਆਵਾਜਾਈ ਰੋਕ ਕੇ ਪ੍ਰਦਰਸ਼ਨ ਕੀਤਾ। ਲੋਕਾਂ ਨੇ ਖ਼ਰਾਬ ਸੜਕਾਂ ਅਤੇ ਐਮਰਜੈਂਸੀ ਸੇਵਾਵਾਂ ਦੀ ਕਥਿਤ ਦੇਰੀ ਨੂੰ ਲੈ ਕੇ ਰੋਸ ਜਤਾਇਆ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਬੱਸ ਕੰਡਕਟਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਫਰਾਰ ਹੋਏ ਬੱਸ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
