Homeਪੰਜਾਬਹਰਿਮੰਦਰ ਸਾਹਿਬ ਦੀਆਂ ਸਰਾਵਾਂ ਦੇ ਨਾਂ ’ਤੇ ਸਾਈਬਰ ਠੱਗੀ..

ਹਰਿਮੰਦਰ ਸਾਹਿਬ ਦੀਆਂ ਸਰਾਵਾਂ ਦੇ ਨਾਂ ’ਤੇ ਸਾਈਬਰ ਠੱਗੀ..

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੀ ਸੰਗਤ ਦੀ ਰਿਹਾਇਸ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਰਾਵਾਂ ਵਿੱਚ ਕਮਰੇ ਆਨਲਾਈਨ ਬੁੱਕ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸੇ ਸਹੂਲਤ ਦਾ ਫਾਇਦਾ ਚੁੱਕਦਿਆਂ ਕੁਝ ਸਾਈਬਰ ਠੱਗਾਂ ਵੱਲੋਂ ਜਾਅਲੀ ਵੈੱਬਸਾਈਟਾਂ ਅਤੇ ਕਿਊ.ਆਰ. ਕੋਡ ਤਿਆਰ ਕਰਕੇ ਸੰਗਤਾਂ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

SGPC ਦਾ ਲੋਗੋ ਵਰਤ ਕੇ ਬਣਾਈਆਂ ਜਾ ਰਹੀਆਂ ਜਾਅਲੀ ਰਸੀਦਾਂ

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਠੱਗ ਕਥਿਤ ਤੌਰ ’ਤੇ ਨਵੀਆਂ-ਨਵੀਆਂ ਵੈੱਬਸਾਈਟਾਂ ਬਣਾ ਕੇ ਸ਼ਰਧਾਲੂਆਂ ਨੂੰ ਕਮਰੇ ਬੁੱਕ ਕਰਨ ਦੇ ਨਾਂ ’ਤੇ ਆਪਣੇ ਜਾਲ ਵਿੱਚ ਫਸਾ ਰਹੇ ਹਨ। ਉਨ੍ਹਾਂ ਮੁਤਾਬਕ, ਸਰਾਵਾਂ ਦੇ ਅਸਲ ਕਮਰਿਆਂ ਦਾ ਕਿਰਾਇਆ ਲਗਭਗ 1000 ਅਤੇ 1600 ਰੁਪਏ ਹੈ, ਜਦਕਿ ਜਾਅਲੀ ਵੈੱਬਸਾਈਟਾਂ ਰਾਹੀਂ ਸੰਗਤ ਤੋਂ 2500 ਤੋਂ 3500 ਰੁਪਏ ਤੱਕ ਵਸੂਲੇ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਠੱਗਾਂ ਵੱਲੋਂ SGPC ਦਾ ਲੋਗੋ ਵਰਤ ਕੇ ਜਾਅਲੀ ਰਸੀਦਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।

ਪਹਿਲਾਂ ਵੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਸ਼ਿਕਾਇਤ

ਮੈਨੇਜਰ ਅਨੁਸਾਰ, ਇਸ ਮਾਮਲੇ ਸਬੰਧੀ 7 ਮਈ 2025 ਨੂੰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਜਾਅਲੀ ਵੈੱਬਸਾਈਟਾਂ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਸ਼ਿਕਾਇਤਾਂ ਜਾਰੀ ਹਨ। ਸਾਈਬਰ ਠੱਗਾਂ ਵੱਲੋਂ ਆਨਲਾਈਨ ਭੁਗਤਾਨ ਕਰਵਾਉਣ ਲਈ ਜਾਅਲੀ ਕਿਊ.ਆਰ. ਕੋਡ ਅਤੇ ਖਾਤਿਆਂ ਦੀ ਵਰਤੋਂ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।

ਸੰਗਤ ਨੂੰ ਸਿਰਫ਼ ਅਧਿਕਾਰਤ ਵੈੱਬਸਾਈਟ ਵਰਤਣ ਦੀ ਅਪੀਲ

SGPC ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਵਿੱਚ ਕਮਰੇ ਬੁੱਕ ਕਰਵਾਉਣ ਸਮੇਂ ਕਿਸੇ ਵੀ ਅਣਜਾਣ ਵੈੱਬਸਾਈਟ ਜਾਂ ਲਿੰਕ ’ਤੇ ਭਰੋਸਾ ਨਾ ਕੀਤਾ ਜਾਵੇ। ਕਮਰੇ ਦੀ ਬੁਕਿੰਗ ਲਈ SGPC ਦੀ ਅਧਿਕਾਰਤ ਵੈੱਬਸਾਈਟ ਸਿਰਫ਼ www.sgpcsarai.com ਦੱਸੀ ਗਈ ਹੈ। ਸੰਗਤ ਨੂੰ ਅਪੀਲ ਹੈ ਕਿ ਬੁਕਿੰਗ ਤੋਂ ਪਹਿਲਾਂ ਵੈੱਬਸਾਈਟ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ ਅਤੇ ਸ਼ੱਕੀ ਕਿਊ.ਆਰ. ਕੋਡ ਜਾਂ ਨਿੱਜੀ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਨ ਤੋਂ ਬਚਿਆ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments