ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਗੁਰਦਾਸਪੁਰ ਦੇ ਸਮੂਹ ਕੈਮਿਸਟਾਂ ਦੀ ਇੱਕ ਅਹਿਮ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਪ੍ਰਧਾਨਗੀ ਕੈਮਿਸਟ ਐਸੋਸੀਏਸ਼ਨ ਦੇ ਸਿਟੀ ਪ੍ਰਧਾਨ ਦਰਸ਼ਨ ਸ਼ਰਮਾ ਨੇ ਕੀਤੀ, ਜਦਕਿ ਜ਼ਿਲ੍ਹਾ ਪ੍ਰਧਾਨ ਸਤੀਸ਼ ਕਪੂਰ ਅਤੇ ਚੇਅਰਮੈਨ ਦਿਨੇਸ਼ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਿਟੀ ਦੇ ਕਾਰਜਕਾਰੀ ਪ੍ਰਧਾਨ ਰਜਵੰਤ ਬਾਵਾ ਵੀ ਮੌਜੂਦ ਰਹੇ।
ਮੀਟਿੰਗ ਦੌਰਾਨ ਸਿਟੀ ਪ੍ਰਧਾਨ ਦਰਸ਼ਨ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਕੈਮਿਸਟਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਾਰੇ ਕੈਮਿਸਟਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।
ਉਨ੍ਹਾਂ ਸਾਰੇ ਦਵਾਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਖਰੀਦ ਅਤੇ ਵਿਕਰੀ ਨਿਰਧਾਰਤ ਕਾਨੂੰਨੀ ਨਿਯਮਾਂ ਅਨੁਸਾਰ ਬਿੱਲਾਂ ਰਾਹੀਂ ਹੀ ਕੀਤੀ ਜਾਵੇ ਅਤੇ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਪੂਰੀ ਸਾਵਧਾਨੀ ਵਰਤੀ ਜਾਵੇ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਾਰੇ ਕੈਮਿਸਟਾਂ ਨੂੰ ਡਰੱਗ ਐਕਟ ਅਤੇ ਹੋਰ ਸਬੰਧਤ ਨਿਯਮਾਂ ਦੀ ਪਾਲਣਾ ਕਰਨ ਲਈ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ। ਜਿਨ੍ਹਾਂ ਦਵਾਈਆਂ ਦੀ ਦੁਰਵਰਤੋਂ ਹੋਣ ਦਾ ਖ਼ਦਸ਼ਾ ਹੋਵੇ, ਉਹ ਡਾਕਟਰ ਦੀ ਜਾਇਜ਼ ਪਰਚੀ ਤੋਂ ਬਿਨਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਐਸੋਸੀਏਸ਼ਨ ਉਸ ਦਾ ਸਾਥ ਨਹੀਂ ਦੇਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਸਾਰੇ ਕੈਮਿਸਟਾਂ ਨੂੰ ਆਪਣਾ ਕਾਰੋਬਾਰ ਇਮਾਨਦਾਰੀ ਅਤੇ ਕਾਨੂੰਨ ਅਨੁਸਾਰ ਚਲਾਉਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਮੁੱਖ ਮਹਿਮਾਨਾਂ ਨੇ ਵੀ ਕੈਮਿਸਟਾਂ ਨੂੰ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਕਾਰਜਕਾਰੀ ਪ੍ਰਧਾਨ ਰਜਵੰਤ ਬਾਵਾ ਨੇ ਹਾਜ਼ਰ ਸਾਰੇ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕਾਰੋਬਾਰ ਪੂਰੀ ਇਮਾਨਦਾਰੀ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਚਲਾਉਣ, ਤਾਂ ਜੋ ਨਸ਼ਿਆਂ ਦੀ ਰੋਕਥਾਮ ਵਿੱਚ ਸਮੂਹਿਕ ਯੋਗਦਾਨ ਪਾਇਆ ਜਾ ਸਕੇ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ ਜਾ ਸਕੇ।
ਇਸ ਮੌਕੇ ਗੁਰਦਾਸਪੁਰ ਸ਼ਹਿਰ ਦੇ ਸਮੂਹ ਕੈਮਿਸਟ ਹਾਜ਼ਰ ਸਨ।










