ਗੁੜਗਾਉਂ: ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਨਗਰ ਨਿਗਮ ਗੁਰੂਗ੍ਰਾਮ ਵਿੱਚ ਕੰਮ ਕਰਦੇ ਇੱਕ ਕੰਪਿਊਟਰ ਆਪਰੇਟਰ ਨੂੰ 12 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ, ਜੋ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਰਾਹੀਂ ਨਗਰ ਨਿਗਮ ਦੀ ਇੰਜੀਨੀਅਰਿੰਗ ਸ਼ਾਖਾ ਵਿੱਚ ਨੌਕਰੀ ਕਰਦਾ ਸੀ।
ਸ਼ਿਕਾਇਤਕਰਤਾ ਨਗਰ ਨਿਗਮ ਵਿੱਚ ਠੇਕੇਦਾਰ ਹੈ, ਜਿਸ ਨੇ ਕਰੀਬ 28 ਲੱਖ ਰੁਪਏ ਦੀ ਲਾਗਤ ਨਾਲ ਸ਼ਮਸ਼ਾਨਘਾਟ ਦੀ ਮੁਰੰਮਤ ਦਾ ਕੰਮ 90 ਫੀਸਦੀ ਮੁਕੰਮਲ ਕਰ ਲਿਆ ਸੀ। ਮੁਲਜ਼ਮ ਪਵਨ ਕੁਮਾਰ ਨੇ ਕਰੀਬ 23 ਲੱਖ ਰੁਪਏ ਦੇ ਬਿੱਲ ਪਾਸ ਕਰਵਾਉਣ ਬਦਲੇ ਕੁੱਲ 92 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਠੇਕੇਦਾਰ ਨੇ ਪਹਿਲਾਂ ਹੀ 80 ਹਜ਼ਾਰ ਰੁਪਏ ਅਦਾ ਕਰ ਦਿੱਤੇ ਸਨ ਅਤੇ ਬਾਕੀ 12 ਹਜ਼ਾਰ ਰੁਪਏ ਅਦਾ ਕੀਤੇ ਜਾਣੇ ਸਨ।
ਸ਼ਿਕਾਇਤ ਮਿਲਣ ‘ਤੇ ਏ.ਸੀ.ਬੀ. ਦੀ ਟੀਮ ਨੇ ਜਾਲ ਵਿਛਾ ਕੇ ਸ਼ੁੱਕਰਵਾਰ ਸ਼ਾਮ 6.30 ਵਜੇ ਦੋਸ਼ੀ ਨੂੰ ਨਗਰ ਨਿਗਮ ਦਫਤਰ ਸੈਕਟਰ-34 ਤੋਂ ਬਕਾਇਆ ਰਾਸ਼ੀ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ। ਏ.ਸੀ.ਬੀ. ਨੇ ਮੁਲਜ਼ਮਾਂ ਖ਼ਿਲਾਫ਼ ਗੁਰੂਗ੍ਰਾਮ ਵਿੱਚ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਹੈ। ਏ.ਸੀ.ਬੀ. ਦੀ ਟੀਮ ਦੋਸ਼ੀ ਨੂੰ ਅੱਜ , ਸ਼ਨੀਵਾਰ ਨੂੰ ਅਦਾਲਤ ‘ਚ ਪੇਸ਼ ਕਰੇਗੀ। ਏ.ਸੀ.ਬੀ. ਦੀ ਐਸ.ਪੀ ਮਮਤਾ ਖਰਬ ਨੇ ਦੱਸਿਆ ਕਿ ਮੁਲਜ਼ਮ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿਚ ਸਬੂਤ ਪਾਏ ਜਾਣ ‘ਤੇ ਬਾਕੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।












