ਠਾਣੇ: ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਦੀਵਾਲੀ ਦੀ ਰਾਤ 17 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਕਰੀਬ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੀਤੀ ਰਾਤ ਕਰੀਬ ਸਾਢੇ 8 ਵਜੇ ਸ਼ਹਿਰ ਦੇ ਵਾਗਲੇ ਅਸਟੇਟ ਇਲਾਕੇ ਵਿੱਚ ਸਥਿਤ ‘ਰਹੇਜਾ ਗਾਰਡਨ ਕੰਪਲੈਕਸ’ ਦੀ ‘ਕਾਰਲਾਈਲ’ ਇਮਾਰਤ ਵਿੱਚ ਲੱਗੀ। ਇਸ ਇਮਾਰਤ ਵਿੱਚ ਕੁੱਲ 28 ਫਲੈਟ ਹਨ।
ਠਾਣੇ ਨਗਰ ਨਿਗਮ (TMC) ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਡਵੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਠਾਣੇ ਦੇ ਪਾਲਕ ਮੰਤਰੀ ਏਕਨਾਥ ਸ਼ਿੰਦੇ ਨੇ ਬਚਾਅ ਮੁਹਿੰਮ ਦੀ ਨਿਗਰਾਨੀ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ ਦਾ ਦੌਰਾ ਕੀਤਾ।
ਅਧਿਕਾਰੀਆਂ ਮੁਤਾਬਕ, ਅੱਗ ਇਮਾਰਤ ਦੀ ਸੱਤਵੀਂ ਤੋਂ 14ਵੀਂ ਮੰਜ਼ਿਲ ਤੱਕ ਅਤੇ ‘ਡਕਟ’ ਵਿੱਚ ਫੈਲਣ ਕਾਰਨ ਸਥਿਤੀ ਗੰਭੀਰ ਹੋ ਗਈ ਸੀ।
ਅੱਗ ਬੁਝਾਉਣ ਅਤੇ ਇਮਾਰਤ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ, ਦੋ ‘ਸਕਾਈ ਲਿਫਟ’ ਫਾਇਰ ਵਾਹਨ, ਪਾਣੀ ਦੀਆਂ ਟੈਂਕੀਆਂ ਅਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਕਰੀਬ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਮਾਰਤ ਦੀ ਛੱਤ ਅਤੇ ਨਿਰਧਾਰਤ ਸੁਰੱਖਿਅਤ ਥਾਵਾਂ ਰਾਹੀਂ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ ਗਈ।
ਤਡਵੀ ਨੇ ਦੱਸਿਆ ਕਿ ਬੀਤੀ ਰਾਤ ਦੇਰ ਰਾਤ ਕਰੀਬ 2:30 ਵਜੇ ਅੱਗ ‘ਤੇ ਕਾਬੂ ਪਾ ਲਿਆ ਗਿਆ, ਜਿਸ ਤੋਂ ਬਾਅਦ ਕੂਲਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।










