ਪਠਾਨਮਥਿੱਟਾ: ਕੇਰਲ ਦੇ ਪਠਾਨਮਥਿੱਟਾ ਜ਼ਿਲ੍ਹੇ ਦੇ ਅਦੂਰ ਵਿੱਚ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ) ਦੇ ਨੌਜਵਾਨ ਵਰਕਰਾਂ ਦਰਮਿਆਨ ਕਈ ਥਾਵਾਂ ‘ਤੇ ਝੜਪਾਂ ਹੋਈਆਂ, ਜਿਸ ਤੋਂ ਬਾਅਦ ਪੁਲਿਸ ਨੇ ਪਲੱਕੜ ਦੇ ਸਾਬਕਾ ਵਿਧਾਇਕ ਰਾਹੁਲ ਮਮਕੂਟਾਥਿਲ ਸਮੇਤ ਕਈ ਲੋਕਾਂ ਵਿਰੁੱਧ ਤਿੰਨ ਕੇਸ ਦਰਜ ਕੀਤੇ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਕੇਰਲ ਸਟੂਡੈਂਟਸ ਯੂਨੀਅਨ (ਕੇ.ਐਸ.ਯੂ.), ਯੂਥ ਕਾਂਗਰਸ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਅਤੇ ਡੈਮੋਕਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ (ਡੀ.ਵਾਈ.ਐਫ.ਆਈ.) ਦੇ ਕਾਰਕੁਨਾਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ। ਪੁਲਿਸ ਮੁਤਾਬਕ ਬੀਤੇ ਦਿਨ ‘ਕਾਲਜ ਆਫ ਇੰਜੀਨੀਅਰਿੰਗ’ ਅਦੂਰ ‘ਚ ਵਿ ਦਿਆਰਥੀ ਯੂਨੀਅਨ ਦੀਆਂ ਚੋਣਾਂ ਤੋਂ ਬਾਅਦ ਤਣਾਅ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਐਸ.ਐਫ.ਆਈ. ਅਤੇ ਡੀ.ਵਾਈ.ਐਫ.ਆਈ. ਵਰਕਰਾਂ ਨੇ ਦਿੱਲੀ ਵਿੱਚ ਸੀ.ਪੀ.ਆਈ. (ਐਮ) ਦੇ ਨੇਤਾਵਾਂ ਦੀ ਨਜ਼ਰਬੰਦੀ ਦੇ ਵਿਰੋਧ ਵਿੱਚ ਅਦੂਰ ਵਿੱਚ ਇੱਕ ਰੈਲੀ ਕੀਤੀ, ਜਿਸ ਨਾਲ ਤਣਾਅ ਹੋਰ ਵਧ ਗਿਆ।
ਪੁਲਿਸ ਨੇ ਕਿਹਾ ਕਿ ਪਹਿਲਾ ਮਾਮਲਾ ਬੀਤੀ ਸ਼ਾਮ ਕਰੀਬ 7 ਵਜੇ ਇੱਕ ਵਿਰੋਧ ਰੈਲੀ ਦੌਰਾਨ ਇਜ਼ਹਾਮਕੁਲਮ ਵਿੱਚ ਇੱਕ ਦਵਾਈ ਦੀ ਦੁਕਾਨ ਦੇ ਸਾਹਮਣੇ ਕੇ.ਐਸ.ਯੂ. ਦੇ ਦੋ ਨੇਤਾਵਾਂ ਉੱਤੇ ਕਥਿਤ ਹਮਲੇ ਨਾਲ ਸਬੰਧਤ ਹੈ। ਅਧਿਕਾਰੀਆਂ ਮੁਤਾਬਕ ਇਸ ਘਟਨਾ ਦੇ ਸਬੰਧ ਵਿੱਚ ਐਸ.ਐਫ.ਆਈ. ਅਤੇ ਡੀ.ਵਾਈ.ਐਫ.ਆਈ. ਦੇ ਸੱਤ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੂਜੀ ਘਟਨਾ ਰਾਤ ਕਰੀਬ 10.50 ਵਜੇ ਅਦੂਰ ਦੇ ਸਰਕਾਰੀ ਹਸਪਤਾਲ ਵਿੱਚ ਵਾਪਰੀ, ਜਿੱਥੇ ਰਾਹੁਲ ਮਮਕੂਟਾਥਿਲ ਦੀ ਅਗਵਾਈ ਵਿੱਚ ਲਗਭਗ 25 ਕੇ.ਐਸ.ਯੂ. ਅਤੇ ਯੂਥ ਕਾਂਗਰਸ ਵਰਕਰਾਂ ਦੇ ਇੱਕ ਸਮੂਹ ਨੇ ਕਥਿਤ ਤੌਰ ‘ਤੇ ਦੋ ਐਸ.ਐਫ.ਆਈ. ਵਰਕਰਾਂ ‘ਤੇ ਹਮਲਾ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਮਕੂਟਾਥਿਲ ਅਤੇ ਯੂਥ ਕਾਂਗਰਸ ਅਤੇ ਕੇ.ਐਸ.ਯੂ. ਦੇ 26 ਹੋਰ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਤੀਜਾ ਮਾਮਲਾ ਰਾਤ ਕਰੀਬ 11.30 ਵਜੇ ਅਡੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਐਸ.ਐਫ.ਆਈ. ਵਰਕਰਾਂ ਦੁਆਰਾ ਯੂਥ ਕਾਂਗਰਸ ਦੇ ਇੱਕ ਵਰਕਰ ਉੱਤੇ ਕਥਿਤ ਹਮਲੇ ਨਾਲ ਸਬੰਧਤ ਹੈ। ਪੁਲਿਸ ਨੇ ਦੱਸਿਆ ਕਿ ਯੂਥ ਕਾਂਗਰਸ ਦਾ ਵਰਕਰ ਝੜਪ ਵਿੱਚ ਜ਼ਖਮੀ ਹੋਏ ਕੇ.ਐਸ.ਯੂ. ਵਰਕਰ ਨੂੰ ਮਿਲਣ ਹਸਪਤਾਲ ਪਹੁੰਚਿਆ ਸੀ। ਪੁਲਿਸ ਦੇ ਅਨੁਸਾਰ, ਸ਼ਨੀਵਾਰ ਰਾਤ ਨੂੰ ਅਦੂਰ ਦੇ ਹੋਰ ਹਿੱਸਿਆਂ ਤੋਂ ਵੀ ਮਾਮੂਲੀ ਝੜਪਾਂ ਦੀ ਖਬਰ ਮਿਲੀ ਹੈ।
ਪੁਲਿਸ ਨੇ ਕਿਹਾ ਕਿ ਤਣਾਅ ਨੂੰ ਘੱਟ ਕਰਨ ਅਤੇ ਹੋਰ ਝੜਪਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਸਾਲ ਕਾਂਗਰਸ ਨੇ ਪਲੱਕੜ ਦੇ ਤਤਕਾਲੀ ਵਿਧਾਇਕ ਰਾਹੁਲ ਮਮਕੂਟਾਥਿਲ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਮਮਕੂਟਾਥਿਲ ਫ਼ਿਲਾਫ਼ ਜਿਨਸੀ ਸ਼ੋਸ਼ਣ ਦੇ ਕਈ ਮਾਮਲੇ ਦਰਜ ਹਨ ਅਤੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਹਾਲਾਂਕਿ ਮਮਕੂਟਾਥਿਲ ਕੋਲ ਫਿਲਹਾਲ ਕਾਂਗਰਸ ਵਿੱਚ ਕੋਈ ਅਹੁਦਾ ਨਹੀਂ ਹੈ, ਪਰ ਉਹ ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਪਾਰਟੀ ਲਈ ਆਪਣਾ ਸਮਰਥਨ ਜ਼ਾਹਰ ਕਰਦੇ ਰਹਿੰਦੇ ਹਨ।










