ਜ਼ੀਰਕਪੁਰ : ਜ਼ੀਰਕਪੁਰ ਵਿੱਚ ਬੀਤੇ ਦਿਨ ਇਕ ਸਿੱਖ ਨੌਜਵਾਨ ਅਤੇ ਕੁਝ ਕਾਂਵੜੀਆਂ ਵਿਚਕਾਰ ਮਾਮੂਲੀ ਟੱਕਰ ਨੂੰ ਲੈ ਕੇ ਝਗੜਾ ਇੰਨਾ ਵਧ ਗਿਆ ਕਿ ਇਹ ਹੱਥੋਪਾਈ ਤੱਕ ਪਹੁੰਚ ਗਿਆ। ਇਸ ਦੌਰਾਨ ਸਿੱਖ ਨੌਜਵਾਨ ਦੀ ਪੱਗ ਉਤਰ ਗਈ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਚਸ਼ਮਦੀਦਾਂ ਅਨੁਸਾਰ ਸਿੱਖ ਨੌਜਵਾਨ ਦੀ ਕਾਂਵੜੀ ਯਾਤਰਾ ਕਰ ਰਹੇ ਕੁਝ ਨੌਜਵਾਨਾਂ ਨਾਲ ਮਾਮੂਲੀ ਟੱਕਰ ਹੋ ਗਈ, ਜਿਸ ਤੋਂ ਬਾਅਦ ਨੌਜਵਾਨ ਨੇ ਤੁਰੰਤ ਮੁਆਫ਼ੀ ਮੰਗ ਲਈ। ਇਸ ਦੇ ਬਾਵਜੂਦ ਮਾਮਲਾ ਵਧ ਗਿਆ ਅਤੇ ਕੁਝ ਕਾਂਵੜੀਆਂ ਨੇ ਕਥਿਤ ਤੌਰ ‘ਤੇ ਉਸ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਨੇ ਦੱਸਿਆ ਕਿ ਲਗਭਗ 10 ਤੋਂ 12 ਲੋਕਾਂ ਨੇ ਉਸ ‘ਤੇ ਹਮਲਾ ਕੀਤਾ ਅਤੇ ਸਿਰ ‘ਤੇ ਡੰਡੇ ਮਾਰੇ ਗਏ।
ਘਟਨਾ ਤੋਂ ਬਾਅਦ ਨੌਜਵਾਨ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਤਿੰਨ ਲੋਕਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ, ਜਦੋਂ ਕਿ ਕੁਝ ਹੋਰ ਨੌਜਵਾਨ ਮੌਕੇ ਤੋਂ ਭੱਜ ਗਏ। ਇਕ ਦੋਸ਼ੀ ਨੇ ਕਿਹਾ ਕਿ ਉਹ ਘਟਨਾ ਸਮੇਂ ਉੱਥੇ ਮੌਜੂਦ ਸੀ, ਪਰ ਉਸਨੇ ਕਿਸੇ ਵੀ ਤਰ੍ਹਾਂ ਦੀ ਲੜਾਈ ਵਿੱਚ ਹਿੱਸਾ ਨਹੀਂ ਲਿਆ। ਫਿਲਹਾਲ ਪੁਲਿਸ ਨੇ ਸਿੱਖ ਨੌਜਵਾਨ ਦਾ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।












