ਜੈਪੁਰ: ਰਾਜਸਥਾਨ ਦੇ ਮੁੱਖ ਸਕੱਤਰ ਅਤੇ IIAS ਦੇ ਪ੍ਰਧਾਨ ਵੀ. ਸ੍ਰੀਨਿਵਾਸ 17 ਤੋਂ 20 ਨਵੰਬਰ 2026 ਤੱਕ ਦੱਖਣੀ ਕੋਰੀਆ ਦੇ ਸਿਓਲ ਵਿੱਚ ਹੋਣ ਵਾਲੀ ਇੰਟਰਨੈਸ਼ਨਲ ਇੰਸਟੀਚਿਊਟ ਆਫ ਐਡਮਿਨਿਸਟ੍ਰੇਟਿਵ ਸਾਇੰਸਜ਼ (IIAS) ਦੀ 2026 ਸਾਲਾਨਾ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ।
ਇਸ ਕਾਨਫਰੰਸ ਦਾ ਵਿਸ਼ਾ “ਸਮਾਜ ਲਈ ਵਿਕਾਸ: ਸਹਿਯੋਗੀ ਸ਼ਾਸਨ, ਸਮਾਜਿਕ ਨਵੀਨਤਾ ਅਤੇ ਸਮਾਜਿਕ ਕਦਰਾਂ-ਕੀਮਤਾਂ” ਰੱਖਿਆ ਗਿਆ ਹੈ।
ਵੀ. ਸ੍ਰੀਨਿਵਾਸ ਨੂੰ ਇਹ ਸੱਦਾ ਪ੍ਰੋ. ਡਾ. ਯੰਗ ਬਮ ਲੀ ਵੱਲੋਂ ਦਿੱਤਾ ਗਿਆ ਹੈ, ਜੋ IIAS 2026 ਕਾਨਫਰੰਸ ਦੇ ਚੇਅਰਮੈਨ ਅਤੇ ਦੱਖਣੀ ਕੋਰੀਆ ਸਰਕਾਰ ਦੀ ਪ੍ਰੈਜ਼ੀਡੈਂਸ਼ੀਅਲ ਕਮੇਟੀ ਆਨ ਰੈਗੂਲੇਟਰੀ ਰਿਫਾਰਮ ਦੇ ਮੈਂਬਰ ਹਨ।
ਕਾਨਫਰੰਸ ਦੌਰਾਨ ਵੀ. ਸ੍ਰੀਨਿਵਾਸ ਗਲੋਬਲ ਫੋਰਮ ਵਿੱਚ ਰਾਜਸਥਾਨ ਅਤੇ ਭਾਰਤ ਦੇ ਸ਼ਾਸਨ ਮਾਡਲ ਪੇਸ਼ ਕਰਨਗੇ। ਜੂਨ 2025 ਵਿੱਚ ਵੀ. ਸ੍ਰੀਨਿਵਾਸ ਨੂੰ IIAS ਦਾ ਪਹਿਲਾ ਭਾਰਤੀ ਪ੍ਰਧਾਨ ਚੁਣਿਆ ਗਿਆ ਸੀ।
17 ਨਵੰਬਰ ਨੂੰ ਜਨਰਲ ਅਸੈਂਬਲੀ ਦੀ ਕਰਨਗੇ ਪ੍ਰਧਾਨਗੀ
17 ਨਵੰਬਰ 2026 ਨੂੰ ਵੀ. ਸ੍ਰੀਨਿਵਾਸ IIAS ਦੀ ਜਨਰਲ ਅਸੈਂਬਲੀ ਅਤੇ ਕੌਂਸਲ ਆਫ ਐਡਮਿਨਿਸਟ੍ਰੇਸ਼ਨ ਦੀ ਪ੍ਰਧਾਨਗੀ ਕਰਨਗੇ ਅਤੇ ਏਸ਼ੀਅਨ ਗਰੁੱਪ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਨੂੰ ਸੰਬੋਧਨ ਕਰਨਗੇ।
ਇਸ ਤੋਂ ਇਲਾਵਾ ਉਹ IIAS ਦੇ ਮੈਂਬਰ ਦੇਸ਼ਾਂ ਦੇ ਵਫ਼ਦਾਂ ਨਾਲ ਉੱਚ ਪੱਧਰੀ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਇਨ੍ਹਾਂ ਦੇਸ਼ਾਂ ਵਿੱਚ ਦੱਖਣੀ ਕੋਰੀਆ, ਚੀਨ, ਜਾਪਾਨ, ਸਿੰਗਾਪੁਰ, ਗ੍ਰੀਸ ਅਤੇ ਬਹਿਰੀਨ ਸ਼ਾਮਲ ਹਨ।
18 ਨਵੰਬਰ ਨੂੰ ਉਦਘਾਟਨੀ ਸੈਸ਼ਨ ਨੂੰ ਕਰਨਗੇ ਸੰਬੋਧਨ
18 ਨਵੰਬਰ 2026 ਨੂੰ ਉਹ IIAS 2026 ਸਿਓਲ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਮੌਕੇ ਦੱਖਣੀ ਕੋਰੀਆ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਤੇ ਦੇਸ਼ ਦੇ ਗ੍ਰਹਿ ਮੰਤਰੀ ਵੀ ਮੌਜੂਦ ਰਹਿਣਗੇ।
ਇਸ ਦੌਰਾਨ ਉਹ IIAS ਗਵਰਨੈਂਸ ਇੰਡੈਕਸ – ਗਲੋਬਲ ਗਵਰਨੈਂਸ ਦੀ ਗੁਣਵੱਤਾ ਦਾ ਮੁਲਾਂਕਣ ਵੀ ਜਾਰੀ ਕਰਨਗੇ।
19 ਨਵੰਬਰ ਨੂੰ ਸਿਓਲ ਐਲਾਨਨਾਮੇ ‘ਤੇ ਕਰਨਗੇ ਦਸਤਖ਼ਤ
19 ਨਵੰਬਰ 2026 ਨੂੰ ਵੀ. ਸ੍ਰੀਨਿਵਾਸ ਕਾਨਫਰੰਸ ਦੇ ਵਿਸ਼ੇ “ਸਮਾਜ ਲਈ ਵਿਕਾਸ: ਸਹਿਯੋਗੀ ਸ਼ਾਸਨ, ਸਮਾਜਿਕ ਨਵੀਨਤਾ ਅਤੇ ਸਮਾਜਿਕ ਕਦਰਾਂ-ਕੀਮਤਾਂ” ‘ਤੇ ਸਾਰੇ IIAS ਮੈਂਬਰ ਦੇਸ਼ਾਂ ਦੇ ਨਾਲ ਸਿਓਲ ਐਲਾਨਨਾਮੇ ‘ਤੇ ਦਸਤਖ਼ਤ ਕਰਨਗੇ।
ਉਹ ਸਿੰਗਾਪੁਰ ਦੀ ਨਾਨਯਾਂਗ ਯੂਨੀਵਰਸਿਟੀ ਦੇ ਪ੍ਰਸਿੱਧ ਵਿਦਵਾਨ ਪ੍ਰੋ. ਲਿਊ ਹੋਂਗ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਬ੍ਰੈਬਾਂਟ ਲੈਕਚਰ ਵਿੱਚ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਉਹ IIAS ਲੀਗੇਸੀ ਪ੍ਰੋਜੈਕਟ ਸਬੰਧੀ ਯੂਨਾਈਟਿਡ ਕਿੰਗਡਮ ਦੇ ਪ੍ਰੋ. ਡਾ. ਪਾਲ ਜੋਇਸ ਅਤੇ ਜਰਮਨੀ ਦੇ ਪ੍ਰੋ. ਡਾ. ਸਟੀਫਨ ਫਿਸ਼ ਨਾਲ ਵੀ ਮੁਲਾਕਾਤ ਕਰਨਗੇ, ਜੋ ਪ੍ਰਸ਼ਾਸਨਿਕ ਸਿਧਾਂਤਾਂ ਦੇ ਇਤਿਹਾਸ ਦੇ ਪ੍ਰਸਿੱਧ ਮਾਹਿਰ ਹਨ।
ਇਸ ਦੌਰੇ ਦੌਰਾਨ ਉਹ ਦੱਖਣੀ ਕੋਰੀਆ ਵਿੱਚ ਭਾਰਤ ਦੇ ਰਾਜਦੂਤ ਨਾਲ ਵੀ ਮੁਲਾਕਾਤ ਕਰਨਗੇ।
20 ਨਵੰਬਰ ਨੂੰ ਸਮਾਪਤੀ ਸਮਾਰੋਹ ਦੀ ਕਰਨਗੇ ਪ੍ਰਧਾਨਗੀ
20 ਨਵੰਬਰ 2026 ਨੂੰ ਵੀ. ਸ੍ਰੀਨਿਵਾਸ ਕਾਨਫਰੰਸ ਦੇ ਸਮਾਪਤੀ ਸੈਸ਼ਨ ਅਤੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
ਇਸ ਕਾਨਫਰੰਸ ਵਿੱਚ 373 ਲੋਕ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਜਨਤਕ ਪ੍ਰਸ਼ਾਸਕ, ਨੀਤੀ ਮਾਹਿਰ, ਅਕਾਦਮਿਕ ਖੇਤਰ ਨਾਲ ਜੁੜੇ ਵਿਦਵਾਨ ਅਤੇ ਖੋਜਕਰਤਾ ਸ਼ਾਮਲ ਹੋਣਗੇ।
“ਸਮਾਜ ਲਈ ਵਿਕਾਸ: ਸਹਿਯੋਗੀ ਸ਼ਾਸਨ, ਸਮਾਜਿਕ ਨਵੀਨਤਾ ਅਤੇ ਸਮਾਜਿਕ ਕਦਰਾਂ-ਕੀਮਤਾਂ” ਵਿਸ਼ੇ ਤਹਿਤ ਹੋਣ ਵਾਲੀ ਇਸ ਕਾਨਫਰੰਸ ਵਿੱਚ ਚਰਚਾ ਕੀਤੀ ਜਾਵੇਗੀ ਕਿ ਸਰਕਾਰਾਂ, ਕਾਰੋਬਾਰੀ ਅਦਾਰੇ, ਵਿਦਿਅਕ ਸੰਸਥਾਵਾਂ ਅਤੇ ਸਿਵਲ ਸੁਸਾਇਟੀ ਕਿਵੇਂ ਆਪਸੀ ਸਹਿਯੋਗ ਨਾਲ ਜਨਤਕ ਸੇਵਾਵਾਂ ਨੂੰ ਬਿਹਤਰ ਬਣਾ ਸਕਦੇ ਹਨ ਅਤੇ ਵਿਕਾਸ ਨੂੰ ਹੋਰ ਸਮਾਵੇਸ਼ੀ ਬਣਾ ਸਕਦੇ ਹਨ।










