ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਾਰਦੀ ਨਵਰਾਤਰੀ, ਦੁਸਹਿਰੇ ਅਤੇ ਛੱਠ ਪੂਜਾ ਦੇ ਮੱਦੇਨਜ਼ਰ ਸੂਬੇ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਫੀਲਡ ਵਿੱਚ ਸਰਗਰਮ ਰਹਿਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਹਿਲਾਵਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ਼ੁੱਕਰਵਾਰ ਰਾਤ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸਮੀਖਿਆ ਮੀਟਿੰਗ ਦੌਰਾਨ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਤਿਉਹਾਰਾਂ ਦੌਰਾਨ ਸੁਰੱਖਿਆ, ਆਵਾਜਾਈ ਅਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਖ਼ਾਸ ਧਿਆਨ ਰੱਖਣ ਲਈ ਕਿਹਾ। ਉਨ੍ਹਾਂ ਨੇ ਪ੍ਰਮੁੱਖ ਦੇਵੀ ਮੰਦਰਾਂ ਵਿੱਚ 24 ਘੰਟੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕਰਨ ਅਤੇ ਡਰੋਨ ਦੀ ਮਦਦ ਨਾਲ ਵੀ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ।
ਸੀਨੀਅਰ ਪੁਲਿਸ ਅਧਿਕਾਰੀ ਕਰਨਗੇ ਗਸ਼ਤ
ਮੁੱਖ ਮੰਤਰੀ ਨੇ ਕਿਹਾ ਕਿ ਨਵਰਾਤਰੀ ਤੋਂ ਲੈ ਕੇ ਛੱਠ ਮਹਾਪਰਵ ਤੱਕ ਜ਼ੋਨ ਅਤੇ ਰੇਂਜ ਪੱਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਐੱਸਪੀ ਖੁਦ ਮੈਦਾਨ ਵਿੱਚ ਉਤਰ ਕੇ ਸਥਿਤੀ ਦਾ ਜਾਇਜ਼ਾ ਲੈਣ। ਪੁਲਿਸ ਅਧਿਕਾਰੀ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਸੰਵੇਦਨਸ਼ੀਲ ਇਲਾਕਿਆਂ ਤੇ ਭੀੜ ਵਾਲੀਆਂ ਥਾਵਾਂ ’ਤੇ ਵਿਸ਼ੇਸ਼ ਚੌਕਸੀ ਵਰਤਣ।
ਉਨ੍ਹਾਂ ਨੇ ਇਹ ਵੀ ਹਦਾਇਤ ਦਿੱਤੀ ਕਿ ਕਸਬਿਆਂ ਅਤੇ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਨਾ ਆਵੇ ਅਤੇ ਪੁਲਿਸ ਦੇ ਹਰ ਪੱਧਰ ਦਾ ਅਧਿਕਾਰੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਏ।
ਪ੍ਰਮੁੱਖ ਧਾਰਮਿਕ ਸਥਾਨਾਂ ’ਤੇ ਵਧੇਗੀ ਸੁਰੱਖਿਆ
ਮੁੱਖ ਮੰਤਰੀ ਅਨੁਸਾਰ, 11 ਅਕਤੂਬਰ ਤੋਂ ਸ਼ੁਰੂ ਹੋ ਰਹੀ ਸ਼ਾਰਦੀ ਨਵਰਾਤਰੀ, 18 ਅਕਤੂਬਰ ਨੂੰ ਦੁਰਗਾ ਅਸ਼ਟਮੀ, 19 ਅਕਤੂਬਰ ਨੂੰ ਮਹਾਨਵਮੀ ਅਤੇ 20 ਅਕਤੂਬਰ ਨੂੰ ਵਿਜੇ ਦਸ਼ਮੀ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।
ਵਿੰਧਿਆਚਲ ਧਾਮ, ਦੇਵੀਪਾਟਨ ਸ਼ਕਤੀਪੀਠ, ਮਾਂ ਸ਼ਾਕੰਭਰੀ ਦੇਵੀ ਮੰਦਰ, ਮਾਂ ਲਲਿਤਾ ਦੇਵੀ ਸ਼ਕਤੀਪੀਠ ਅਤੇ ਨੈਮਿਸ਼ਾਰਣਿਆ ਸਮੇਤ ਪ੍ਰਮੁੱਖ ਧਾਰਮਿਕ ਸਥਾਨਾਂ ’ਤੇ ਵਾਧੂ ਪੁਲਿਸ ਬਲ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਥਾਵਾਂ ’ਤੇ ਬਿਜਲੀ ਦੀ ਨਿਰਵਿਘਨ ਸਪਲਾਈ ਅਤੇ ਚੌਵੀ ਘੰਟੇ ਨਿਗਰਾਨੀ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।
ਮਹਿਲਾਵਾਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ
ਯੋਗੀ ਆਦਿੱਤਿਆਨਾਥ ਨੇ ਮਿਸ਼ਨ ਸ਼ਕਤੀ ਕੇਂਦਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ, ਮਹਿਲਾਵਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕਰਨ ਅਤੇ ਐਂਟੀ ਰੋਮੀਓ ਸਕੁਐਡ ਦੀ ਕਾਰਵਾਈ ਤੇਜ਼ ਕਰਨ ਲਈ ਕਿਹਾ। ਇਸ ਤੋਂ ਇਲਾਵਾ ਸਟੰਟਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਉਣ ਅਤੇ ਤਿਉਹਾਰਾਂ ਦੌਰਾਨ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਨਸਰਾਂ ’ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ।
ਪੰਡਾਲਾਂ ਵਿੱਚ ਲੋੜੀਂਦੀ ਸੁਰੱਖਿਆ, ਡੀਜੇ ਦੀ ਆਵਾਜ਼ ਨਿਰਧਾਰਤ ਮਾਪਦੰਡਾਂ ਅਨੁਸਾਰ ਰੱਖਣ ਅਤੇ ਪੀਸ ਕਮੇਟੀਆਂ ਦੀਆਂ ਮੀਟਿੰਗਾਂ ਸਮੇਂ ਸਿਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
ਮੂਰਤੀ ਵਿਸਰਜਨ ਲਈ ਵੀ ਖ਼ਾਸ ਪ੍ਰਬੰਧ
ਸ਼ੋਭਾ ਯਾਤਰਾਵਾਂ ਅਤੇ ਮੂਰਤੀ ਵਿਸਰਜਨ ਦੇ ਰਸਤਿਆਂ ’ਤੇ ਲਟਕਦੀਆਂ ਜਾਂ ਢਿੱਲੀਆਂ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਨ ਲਈ ਕਿਹਾ ਗਿਆ ਹੈ। ਵਿਸਰਜਨ ਵਾਲੀਆਂ ਥਾਵਾਂ ’ਤੇ ਮਜ਼ਬੂਤ ਬੈਰੀਕੇਡਿੰਗ, ਚੇਤਾਵਨੀ ਬੋਰਡ ਅਤੇ ਕਿਸ਼ਤੀਆਂ ਦਾ ਪ੍ਰਬੰਧ ਕਰਨ ਦੇ ਨਾਲ ਮੈਡੀਕਲ ਕੈਂਪ, ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ 24 ਘੰਟੇ ਨਿਗਰਾਨੀ ਰੱਖਣ ਅਤੇ ਸ਼ਿਕਾਇਤਕਰਤਾਵਾਂ ਨੂੰ 24 ਘੰਟਿਆਂ ਦੇ ਅੰਦਰ ਤਸੱਲੀਬਖ਼ਸ਼ ਜਵਾਬ ਦੇਣ ਲਈ ਕਿਹਾ ਗਿਆ ਹੈ।
ਕਿਸਾਨਾਂ ਲਈ ਖਾਦ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਹੁਕਮ
ਮੁੱਖ ਮੰਤਰੀ ਨੇ ਮਾਲ ਵਿਭਾਗ ਨਾਲ ਜੁੜੇ ਵਿਵਾਦ ਰਹਿਤ ਮਾਮਲਿਆਂ ਦਾ ਵੱਧ ਤੋਂ ਵੱਧ 15 ਦਿਨਾਂ ਵਿੱਚ ਨਿਪਟਾਰਾ ਕਰਨ ਦੀ ਹਦਾਇਤ ਦਿੱਤੀ। ਇਸ ਤੋਂ ਇਲਾਵਾ ਕਿਸਾਨਾਂ ਲਈ ਖਾਦ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ, ਕਾਲਾਬਾਜ਼ਾਰੀ ’ਤੇ ਰੋਕ ਲਗਾਉਣ ਅਤੇ ਕਿਸੇ ਵੀ ਸਹਿਕਾਰੀ ਸਭਾ ਨੂੰ ਖਾਦ ਦੀ ਘਾਟ ਕਾਰਨ ਸਟਾਕ ਤੋਂ ਖਾਲੀ ਨਾ ਰਹਿਣ ਦੇਣ ਲਈ ਕਿਹਾ ਗਿਆ।










