ਗੋਰਖਪੁਰ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਗੋਰਕਸ਼ਪੀਠਧੀਸ਼ਵਰ ਯੋਗੀ ਆਦਿੱਤਿਆਨਾਥ ਨੇ ਗੁਰੂ ਪੂਰਨਿਮਾ ਦੇ ਮੌਕੇ ‘ਤੇ ਅੱਜ ਸਵੇਰੇ ਨਾਥ ਸੰਪਰਦਾ ਦੀਆਂ ਪਰੰਪਰਾਵਾਂ ਅਨੁਸਾਰ ਭਗਵਾਨ ਸ਼ਿਵ ਦਾ ਅਵਤਾਰ ਮੰਨੇ ਜਾਂਦੇ ਮਹਾਯੋਗੀ ਗੁਰੂ ਗੋਰਖਨਾਥ ਦੀ ਵਿਸ਼ੇਸ਼ ਪੂਜਾ ਕੀਤੀ। ਸੂਬਾ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਆਦਿਤਿਆਨਾਥ ਨੇ ਆਪਣੇ ਗੁਰੂ ਮਹੰਤ ਅਵੈਦਿਆਨਾਥ, ਦਾਦਾਗੁਰੂ ਮਹੰਤ ਦਿਗਵਿਜੈਨਾਥ, ਯੋਗੀਰਾਜ ਬਾਬਾ ਗੰਭੀਰਨਾਥ ਅਤੇ ਨਾਥ ਪਰੰਪਰਾ ਦੇ ਸਾਰੇ ਗੁਰੂਆਂ ਦੀ ਵੀ ਵਿਧੀਵਤ ਪੂਜਾ ਕੀਤੀ।
ਗੋਰਖਨਾਥ ਮੰਦਰ ‘ਚ ਪੂਜਾ ਅਰਚਨਾ ਕਰਨ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੋਰਖਪੁਰ ‘ਚ ਆਪਣੇ ਠਹਿਰਾਅ ਦੌਰਾਨ ਅੱਜ ਸਵੇਰੇ ਆਯੋਜਿਤ ‘ਜਨਤਾ ਦਰਸ਼ਨ’ ਪ੍ਰੋਗਰਾਮ ‘ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਸਮਾਂਬੱਧ ਹੱਲ ਕਰਨ ਦੇ ਆਦੇਸ਼ ਦਿੱਤੇ। ਸੂਬਾ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਗੁਰੂ ਪੂਰਨਿਮਾ ਪੂਜਾ ਤੋਂ ਬਾਅਦ ਗੋਰਖਨਾਥ ਮੰਦਰ ‘ਚ ‘ਜਨਤਾ ਦਰਸ਼ਨ’ ਪ੍ਰੋਗਰਾਮ ‘ਚ ਕਰੀਬ 200 ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਗੰਭੀਰ ਬਿਮਾਰੀਆਂ ਦੇ ਇਲਾਜ ਲਈ ਆਰਥਿਕ ਮਦਦ ਮੰਗਣ ਆਏ ਲੋਕਾਂ ਨੂੰ ਯੋਗੀ ਨੇ ਭਰੋਸਾ ਦਿੱਤਾ ਕਿ ਪੈਸੇ ਦੀ ਘਾਟ ਕਾਰਨ ਕਿਸੇ ਦਾ ਇਲਾਜ ਬੰਦ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬੰਧਤ ਮਰੀਜ਼ਾਂ ਦੇ ਇਲਾਜ ਸਬੰਧੀ ਖਰਚੇ ਦਾ ਅਨੁਮਾਨ ਲਗਾਉਣ ਦੀ ਪ੍ਰਕਿਰਿਆ ਮੁਕੰਮਲ ਕਰਕੇ ਸਰਕਾਰ ਨੂੰ ਉਪਲਬਧ ਕਰਵਾਈ ਜਾਵੇ।
