ਧੂਰੀ: ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੀਆਂ ਔਰਤਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਤੋਹਫ਼ਾ ਦਿੱਤਾ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ। ਅੱਜ , ਪਹਿਲੀ ਜੁਲਾਈ ਤੋਂ ਔਰਤਾਂ ਨੂੰ ਤਿੰਨ ਮਹੀਨੇ ਦੀ ਇਕੱਠੀ ਰਾਸ਼ੀ ਮਿਲੀ ਹੈ।
ਜਾਣਕਾਰੀ ਅਨੁਸਰ ਅੱਜ , ਇੱਕ ਜੁਲਾਈ ਨੂੰ ਦੁਪਹਿਰ ਤੋਂ ਬਾਅਦ ਲੱਖਾਂ ਔਰਤਾਂ ਦੇ ਫ਼ੋਨ ਉਤੇ ਇੱਕੋ ਸਮੇਂ ਸਤਿਕਾਰ ਭੱਤੇ ਦੀ ਰਾਸ਼ੀ ਖਾਤੇ ’ਚ ਆਉਣ ਦੇ ਮੈਸਿਜ ਪੁੱਜਣੇ ਸ਼ੁਰੂ ਹੋਏ। ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਆਖ਼ਰੀ ਗਰੰਟੀ ਨੂੰ ਪੂਰੀ ਕਰਨ ਲਈ ਜਨਰਲ ਵਰਗ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਤਿਕਾਰ ਭੱਤਾ ਦੇ ਰਹੀ ਹੈ। ਪੰਜਾਬ ਦੀਆਂ ਕਰੀਬ 97 ਫ਼ੀਸਦੀ ਔਰਤਾਂ ਇਸ ਸਕੀਮ ’ਚ ਕਵਰ ਹੋਣਗੀਆਂ। ਪੰਜਾਬ ਸਰਕਾਰ ਨੇ 13 ਅਪ੍ਰੈਲ ਤੋਂ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਅਤੇ ਮੰਗਲਵਾਰ ਸਵੇਰੇ 9 ਵਜੇ ਤੱਕ ਇਸ ਸਕੀਮ ਤਹਿਤ 44.41 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਸੀ।
ਇਸ ਵਿੱਚ ਦਲਿਤ ਵਰਗ ਦੀਆਂ 14.28 ਲੱਖ ਔਰਤਾਂ ਅਤੇ ਜਨਰਲ ਵਰਗ ਦੀਆਂ 30.13 ਲੱਖ ਔਰਤਾਂ ਸ਼ਾਮਲ ਹਨ। ਅੱਜ , ਇੱਕ ਜੁਲਾਈ ਤੋਂ ਸਕੀਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਜੂਨ ਮਹੀਨੇ ਦੇ ਆਖ਼ਰੀ ਪੰਜ ਦਿਨਾਂ ’ਚ ਪੰਜਾਬ ਭਰ ਵਿੱਚ 8.99 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਹੈ। 26 ਜੂਨ ਤੱਕ 35.42 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਸੀ। ਅੱਜ ਕਰੀਬ 32 ਲੱਖ ਔਰਤਾਂ ਦੇ ਖਾਤੇ ’ਚ ਇਕਦਮ ਪੈਸਾ ਭੇਜਿਆ ਗਿਆ ਜਦੋਂ ਕਿ ਬਾਕੀ ਔਰਤਾਂ ਦੇ ਖਾਤੇ ’ਚ ਰੋਜ਼ਾਨਾ ਰਾਸ਼ੀ ਭੇਜੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰ ਚੁੱਕੇ ਹਨ ਕਿ ਜੇ ਕਿਸੇ ਯੋਗ ਔਰਤ ਦਾ ਕਾਰਡ ਅਗਲੇ ਮਹੀਨਿਆਂ ’ਚ ਬਣਦਾ ਹੈ ਤਾਂ ਉਸ ਨੂੰ ਵੀ ਸਕੀਮ ਦਾ ਲਾਭ ਪਹਿਲੀ ਜੁਲਾਈ ਵਾਂਗ ਹੀ ਮਿਲੇਗਾ।












