ਪਟਨਾ: ਬਿਹਾਰ ਵਿੱਚ ਛੱਠ ਪੂਜਾ ਦੇ ਤੀਜੇ ਦਿਨ ਲੱਖਾਂ ਸ਼ਰਧਾਲੂਆਂ ਨੇ 10 ਹਜ਼ਾਰ ਤੋਂ ਵੱਧ ਘਾਟਾਂ ‘ਤੇ ਡੁੱਬਦੇ ਸੂਰਜ ਨੂੰ ਅਰਘ ਦੇ ਕੇ ਪੂਜਾ ਕੀਤੀ। ਸੂਬੇ ਭਰ ਵਿੱਚ ਘਾਟਾਂ ‘ਤੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਪਟਨਾ ਵਿੱਚ ਇੱਕ ਦਰਦਨਾਕ ਹਾਦਸਾ ਵੀ ਵਾਪਰਿਆ, ਜਿੱਥੇ ਘਾਟ ਨੂੰ ਸਜਾਉਣ ਗਏ ਤਿੰਨ ਨੌਜਵਾਨ ਲਾਪਤਾ ਹੋ ਗਏ।
ਜਾਣਕਾਰੀ ਅਨੁਸਾਰ, ਪਟਨਾ ਦੇ ਮਿਰਜ਼ਾਪੁਰ ਪਿੰਡ ਵਿੱਚ ਚਾਰ ਨੌਜਵਾਨ ਪੁਨਪੁਨ ਨਦੀ ਵਿੱਚ ਇੱਕ ਘਾਟ ਨੂੰ ਸਜਾਉਣ ਲਈ ਗਏ ਸਨ। ਇਸ ਦੌਰਾਨ ਚਾਰੇ ਨਦੀ ਵਿੱਚ ਡੁੱਬਣ ਲੱਗੇ। ਬਚਾਅ ਟੀਮ ਨੇ ਇੱਕ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ ਤਿੰਨ ਨੌਜਵਾਨ ਅਜੇ ਵੀ ਲਾਪਤਾ ਹਨ। ਉਨ੍ਹਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ।
ਛੱਠ ਪੂਜਾ ਦੇ ਮੌਕੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਵੀ ਪਟਨਾ ਦੇ ਇੱਕ ਘਾਟ ‘ਤੇ ਪਹੁੰਚੇ ਅਤੇ ਪੂਜਾ ਵਿੱਚ ਸ਼ਮੂਲੀਅਤ ਕੀਤੀ। ਉੱਥੇ ਹੀ ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਆਪਣੇ ਘਰ ਵਿੱਚ ਛੱਠ ਪੂਜਾ ਕੀਤੀ।
ਰਿਪੋਰਟ ਅਨੁਸਾਰ, ਛੱਠ ਪੂਜਾ ਲਈ ਦਿੱਲੀ, ਮੁੰਬਈ, ਬੰਗਲੁਰੂ ਅਤੇ ਚੇਨਈ ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ਅਤੇ ਵਿਦੇਸ਼ਾਂ ਤੋਂ ਲਗਭਗ 50 ਲੱਖ ਲੋਕ ਬਿਹਾਰ ਪਰਤੇ ਹਨ। ਇਨ੍ਹਾਂ ਵਿੱਚੋਂ ਕਰੀਬ 40 ਲੱਖ ਲੋਕ ਰੇਲ ਰਾਹੀਂ, ਜਦਕਿ 10 ਲੱਖ ਲੋਕ ਹਵਾਈ ਜਹਾਜ਼, ਬੱਸਾਂ ਅਤੇ ਨਿੱਜੀ ਵਾਹਨਾਂ ਰਾਹੀਂ ਪਹੁੰਚੇ ਹਨ।










