ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸਿੱਧ ਸਮਾਜ ਸੇਵੀ ਅਤੇ ‘ਝਾੜੂ ਯੋਧਾ’ ਵਜੋਂ ਜਾਣੇ ਜਾਂਦੇ ਸੇਵਾਮੁਕਤ ਆਈਪੀਐਸ ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਉਸ ਵੇਲੇ ਭਾਵੁਕ ਹੋ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਜਨਤਕ ਸਮਾਗਮ ਦੌਰਾਨ ਉਨ੍ਹਾਂ ਦੇ ਸਫਾਈ ਅਭਿਆਨ ਅਤੇ ਸਮਾਜਿਕ ਯੋਗਦਾਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ ਵਿੱਚ ਆਯੋਜਿਤ ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਸਿੱਧੂ ਦੀ ਸੇਵਾ ਭਾਵਨਾ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਵੱਲੋਂ ਨਾਮ ਲੈ ਕੇ ਕੀਤੀ ਗਈ ਪ੍ਰਸ਼ੰਸਾ ਤੋਂ ਬਾਅਦ ਇੰਦਰਜੀਤ ਸਿੰਘ ਸਿੱਧੂ ਦੀਆਂ ਅੱਖਾਂ ਭਰ ਆਈਆਂ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਇੱਕ ਆਮ ਇਨਸਾਨ ਸਮਝਦੇ ਹਨ ਅਤੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਉਨ੍ਹਾਂ ਦੇ ਕੰਮ ਨੂੰ ਇਸ ਤਰ੍ਹਾਂ ਮੰਚ ਤੋਂ ਸਰਾਹੇਗਾ।
ਸਿੱਧੂ ਨੇ ਕਿਹਾ, “ਅਸੀਂ ਤਾਂ ਛੋਟੇ ਲੋਕ ਹਾਂ। ਮੋਦੀ ਸਾਹਿਬ ਨੇ ਸਾਨੂੰ ਯਾਦ ਰੱਖਿਆ ਅਤੇ ਸਾਡੇ ਕੰਮ ਦੀ ਕਦਰ ਕੀਤੀ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਹੈ। ਇਸ ਨਾਲ ਮੈਨੂੰ ਹੋਰ ਵੀ ਵੱਧ ਉਤਸ਼ਾਹ ਮਿਲਿਆ ਹੈ ਕਿ ਮੈਂ ਸਫਾਈ ਅਤੇ ਸਮਾਜ ਸੇਵਾ ਦੇ ਕੰਮ ਨੂੰ ਜਾਰੀ ਰੱਖਾਂ।”
ਦੱਸਣਯੋਗ ਹੈ ਕਿ ਇੰਦਰਜੀਤ ਸਿੰਘ ਸਿੱਧੂ ਪੰਜਾਬ ਪੁਲਿਸ ਵਿੱਚ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਕਈ ਸਾਲਾਂ ਤੋਂ ਚੰਡੀਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਫਾਈ ਮੁਹਿੰਮਾਂ ਚਲਾ ਰਹੇ ਹਨ। ਉਹ ਅਕਸਰ ਖੁਦ ਝਾੜੂ ਲੈ ਕੇ ਸੜਕਾਂ, ਪਾਰਕਾਂ ਅਤੇ ਜਨਤਕ ਥਾਵਾਂ ਦੀ ਸਫਾਈ ਕਰਦੇ ਨਜ਼ਰ ਆਉਂਦੇ ਹਨ। ਇਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ‘ਝਾੜੂ ਯੋਧਾ’ ਦਾ ਨਾਮ ਦਿੱਤਾ ਹੈ।
ਉਨ੍ਹਾਂ ਦੀ ਅਗਵਾਈ ਹੇਠ ਕਈ ਨੌਜਵਾਨ, ਸਮਾਜਿਕ ਸੰਸਥਾਵਾਂ ਅਤੇ ਸਵੈਸੇਵੀ ਗਰੁੱਪ ਵੀ ਸਫਾਈ ਮੁਹਿੰਮਾਂ ਨਾਲ ਜੁੜੇ ਹੋਏ ਹਨ। ਸਿੱਧੂ ਦਾ ਮੰਨਣਾ ਹੈ ਕਿ ਸਫਾਈ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।
ਪ੍ਰਧਾਨ ਮੰਤਰੀ ਦੀ ਇਸ ਪ੍ਰਸ਼ੰਸਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਇੰਦਰਜੀਤ ਸਿੰਘ ਸਿੱਧੂ ਦੀ ਚਰਚਾ ਤੇਜ਼ ਹੋ ਗਈ ਹੈ। ਕਈ ਲੋਕਾਂ ਨੇ ਉਨ੍ਹਾਂ ਨੂੰ ਪ੍ਰੇਰਣਾਦਾਇਕ ਸ਼ਖਸੀਅਤ ਦੱਸਦੇ ਹੋਏ ਉਨ੍ਹਾਂ ਦੇ ਯਤਨਾਂ ਦੀ ਸਰਾਹਨਾ ਕੀਤੀ ਹੈ। ਸਫਾਈ ਅਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੀ ਲਗਨ ਹੁਣ ਹੋਰ ਲੋਕਾਂ ਲਈ ਵੀ ਇੱਕ ਮਿਸਾਲ ਬਣ ਰਹੀ ਹੈ।
