ਚੰਡੀਗੜ੍ਹ : ਇਲਾਕੇ ਦੇ ਸਭ ਤੋਂ ਵੱਡੇ ਅਤੇ ਆਧੁਨਿਕ ਮੰਨੇ ਜਾਂਦੇ ਸੈਕਟਰ-32 ਵਿੱਚ ਸਥਿਤ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਐਡਵਾਂਸ ਟਰਾਮਾ ਸੈਂਟਰ ਹੁਣ ਮਰੀਜ਼ਾਂ ਦੀ ਜਾਨ ਲਈ ਵੀ ਖ਼ਤਰਾ ਬਣਦਾ ਨਜ਼ਰ ਆ ਰਿਹਾ ਹੈ। 52.77 ਕਰੋੜ ਰੁਪਏ ਨਾਲ ਬਣਿਆ ਇਹ ਸੈਂਟਰ ਉਦਘਾਟਨ ਦੇ ਸਿਰਫ਼ ਚਾਰ ਮਹੀਨਿਆਂ ਬਾਅਦ ਹੀ ਢਹਿਣ ਲੱਗਾ ਹੈ।
ਅੱਜ ਟਰਾਮਾ ਸੈਂਟਰ ਦੇ ਅੰਦਰ ਫਾਲ ਸੀਲਿੰਗ ਡਿੱਗਣ ਦੀ ਘਟਨਾ ਨਾਲ ਹਸਪਤਾਲ ਪਰਿਸਰ ਵਿੱਚ ਅਫਰਾ-ਤਫਰੀ ਮਚ ਗਈ। ਘਟਨਾ ਵੇਲੇ ਕੋਈ ਮਰੀਜ਼ ਜਾਂ ਸਿਹਤ ਕਰਮਚਾਰੀ ਸਿੱਧੇ ਤੌਰ ‘ਤੇ ਇਸਦੀ ਲਪੇਟ ਵਿੱਚ ਨਹੀਂ ਆਇਆ। ਜੇਕਰ ਇਹ ਹਾਦਸਾ ਪੀਕ ਐਮਰਜੈਂਸੀ ਸਮੇਂ ਹੁੰਦਾ ਤਾਂ ਜ਼ਿੰਮੇਵਾਰੀ ਕਿਸ ਦੀ ਹੁੰਦੀ। ਇਹ ਉਹੀ ਟਰਾਮਾ ਸੈਂਟਰ ਹੈ, ਜਿਸਨੂੰ 8 ਮਹੀਨੇ ਦੀ ਦੇਰੀ ਤੋਂ ਬਾਅਦ 8 ਅਗਸਤ 2025 ਨੂੰ ਸ਼ੁਰੂ ਕੀਤਾ ਗਿਆ ਸੀ।
ਪ੍ਰਸ਼ਾਸਨ ਨੇ ਇਸਨੂੰ ਖੇਤਰ ਦੀ ਸਭ ਤੋਂ ਵੱਡੀ ਸਿਹਤ ਪ੍ਰਾਪਤੀ ਵਜੋਂ ਪੇਸ਼ ਕੀਤਾ, ਪਰ ਚਾਰ ਮਹੀਨਿਆਂ ਦੇ ਅੰਦਰ ਛੱਤ ਡਿੱਗਣ ਨੇ ਉਸਾਰੀ ਦੀ ਗੁਣਵੱਤਾ, ਠੇਕੇਦਾਰੀ ਪ੍ਰਣਾਲੀ ਅਤੇ ਤਕਨੀਕੀ ਨਿਗਰਾਨੀ ਨੂੰ ਬੇਨਕਾਬ ਕਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਸਿਰਫ਼ ਇੱਕ ਤਕਨੀਕੀ ਨੁਕਸ ਨਹੀਂ ਹੈ, ਸਗੋਂ ਯੋਜਨਾਬੱਧ ਲਾਪਰਵਾਹੀ ਦਾ ਨਤੀਜਾ ਹੈ।










