ਪੰਜਾਬ : ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਜੀ.ਐਮ.ਏ.ਡੀ.ਏ.) ਦੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਦਫਤਰਾਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪਿਛਲੇ ਦੋ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਹੈ। ਇਸ ਕਾਰਵਾਈ ਦੇ ਹਿੱਸੇ ਵਜੋਂ, ਈ.ਡੀ ਦੀ ਟੀਮ ਨੇ ਪੰਜਾਬ ਦੇ ਇੱਕ ਮੰਤਰੀ ਦੇ ਭਾਣਜੇ ਦੇ ਲੁਧਿਆਣਾ ਸਥਿਤ ਘਰ ‘ਤੇ ਵੀ ਛਾਪਾ ਮਾਰਿਆ। ਬੀਤੀ ਦੇਰ ਰਾਤ, ਟੀਮ ਨੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੇ ਘਰ ਵੀ ਪਹੁੰਚੀ ।
ਈ.ਡੀ ਦੀ ਕਾਰਵਾਈ ਦੇ ਵਿਚਕਾਰ, ਪੰਜਾਬ ਸਰਕਾਰ ਨੇ ਬੀਤੀ ਦੇਰ ਰਾਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ, ਜਿਸ ਵਿੱਚ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਕੀਤੀ ਗਈ। ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ, ਹਾਈ ਕੋਰਟ ਨੇ ਈ.ਡੀ ਦੇ ਛਾਪਿਆਂ ਦੀ ਨਿਗਰਾਨੀ ਲਈ ਇੱਕ ਵਾਰੰਟ ਅਫ਼ਸਰ ਨਿਯੁਕਤ ਕੀਤਾ। ਹਾਈ ਕੋਰਟ ਨੇ ਵਾਰੰਟ ਅਫ਼ਸਰ ਨੂੰ ਛਾਪੇਮਾਰੀ ਵਾਲੀਆਂ ਥਾਵਾਂ ਦਾ ਦੌਰਾ ਕਰਨ, ਸਥਿਤੀ ਦਾ ਮੁਆਇਨਾ ਕਰਨ ਅਤੇ ਅਦਾਲਤ ਨੂੰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਵਾਰੰਟ ਅਫ਼ਸਰ ਕਿਸੇ ਵੀ ਸਮੇਂ ਸਬੰਧਿਤ ਸਥਾਨ ‘ਤੇ ਜਾ ਕੇ ਨਿਰੀਖਣ ਕਰ ਸਕਦਾ ਹੈ । ਉਸਨੂੰ ਅੱਜ ਦੁਪਹਿਰ 2 ਵਜੇ ਤੱਕ ਮਾਮਲੇ ਦੀ ਸਟੇਟਸ ਰਿਪੋਰਟ ਹਾਈਕੋਰਟ ਵਿੱਚ ਦਾਖਲ ਕਰਨੀ ਹੋਵੇਗੀ ।
ਆਈ.ਏ.ਐਸ. ਅਧਿਕਾਰੀ ਦੇ ਘਰੋਂ ਮਿਲੀ ਕਰੋੜਾਂ ਦੀ ਨਕਦੀ
ਇਸ ਦੌਰਾਨ, ਏਜੰਸੀ ਦੇ ਨਜ਼ਦੀਕੀ ਸੂਤਰਾਂ ਅਨੁਸਾਰ, ਪੰਜਾਬ ਦੇ ਇੱਕ ਆਈ.ਏ.ਐਸ. ਅਧਿਕਾਰੀ ਦੇ ਘਰੋਂ ਲਗਭਗ 2.5 ਕਰੋੜ ਰੁਪਏ ਨਕਦੀ, 1.25 ਕਿਲੋ ਸੋਨਾ ਅਤੇ ਚਾਂਦੀ ਅਤੇ ਜ਼ਮੀਨ ਨਾਲ ਸਬੰਧਤ ਕੁਝ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਨ੍ਹਾਂ ਜ਼ਬਤੀਆਂ ਦੀ ਜਾਂਚ ਇਸ ਸਮੇਂ ਜਾਰੀ ਹੈ। ਰਿਪੋਰਟਾਂ ਅਨੁਸਾਰ, ਈ.ਡੀ ਦੀ ਟੀਮ ਨੇ ਆਈ.ਏ.ਐਸ. ਅਧਿਕਾਰੀ ਰਾਜੀਵ ਗੁਪਤਾ ਦੇ ਸੈਕਟਰ 19 ਦੇ ਘਰ ਦੀ ਵੀ ਤਲਾਸ਼ੀ ਲਈ। ਬੀਤੀ ਦੇਰ ਰਾਤ, ਟੀਮ ਸੈਕਟਰ 39 ਦੇ ਰਿਹਾਇਸ਼ ਨੰਬਰ 926 ‘ਤੇ ਪਹੁੰਚੀ, ਜਿੱਥੇ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਕਥਿਤ ਤੌਰ ‘ਤੇ ਰਹਿੰਦੇ ਹਨ। ਏਜੰਸੀ ਦੀ ਜਾਂਚ ਅਤੇ ਦਸਤਾਵੇਜ਼ਾਂ ਦੀ ਜਾਂਚ ਜਾਰੀ ਹੈ।
ਪੂਰਾ ਮਾਮਲਾ
ਤੁਹਾਨੂੰ ਦੱਸ ਦੇਈਏ ਕਿ , ਮੰਗਲਵਾਰ ਸਵੇਰੇ ਮੋਹਾਲੀ ਦੇ ਫੇਜ਼-8 ਸਥਿਤ ਗਮਾਡਾ ਹੈੱਡਕੁਆਟਰ ਵਿੱਚ ਈ.ਡੀ ਨੇ ਛਾਪੇਮਾਰੀ ਸ਼ੁਰੂ ਕੀਤੀ ਸੀ। ਛਾਪੇਮਾਰੀ ਦੇ ਦੂਜੇ ਦਿਨ ਈ.ਡੀ ਅਧਿਕਾਰੀ ਅਤੇ ਕੇਂਦਰੀ ਸੁਰੱਖਿਆ ਬਲ ਦੇ ਕਰਮਚਾਰੀ ਮੌਕੇ ‘ਤੇ ਮੌਜੂਦ ਰਹੇ। ਟੀਮ ਗਮਾਡਾ ਦੇ ਅਧਿਕਾਰਤ ਰਿਕਾਰਡਾਂ ਦੀ ਜਾਂਚ ਅਤੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਮੋਹਾਲੀ ਦਫਤਰ ਦੀਆਂ ਤਿੰਨ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮਹੱਤਵਪੂਰਨ ਰਿਕਾਰਡ ਜ਼ਬਤ ਕਰ ਲਏ ਗਏ ਹਨ। ਪੂਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ।












