ਜਲੰਧਰ: ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਵਿੱਚ ਪ੍ਰਸ਼ਾਸਨ ਨੇ ਨਸ਼ਾ ਤਸਕਰੀ ਦੇ ਮੁਲਜ਼ਮ ਅਮਨਦੀਪ ਸਿੰਘ ਦੀ ਜਾਇਦਾਦ ਵਿਰੁੱਧ ਵੱਡੀ ਕਾਰਵਾਈ ਕੀਤੀ। ਕਪੂਰਥਲਾ ਰੋਡ ‘ਤੇ ਬਣ ਰਹੇ ਚੈਰੀਟੇਬਲ ਹਸਪਤਾਲ ਦੇ ਇੱਕ ਹਿੱਸੇ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ, ਨਗਰ ਨਿਗਮ ਵੱਲੋਂ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ, ਪਰ ਕੋਈ ਜਵਾਬ ਨਹੀਂ ਮਿਲਿਆ। ਪ੍ਰਸ਼ਾਸਨ ਦੀ ਯੋਜਨਾ ਹੈ ਕਿ ਭਵਿੱਖ ਵਿੱਚ ਇਸ ਜ਼ਮੀਨ ‘ਤੇ ਸਰਕਾਰੀ ਇਮਾਰਤ ਬਣਾਈ ਜਾਵੇ।
ਪੁਲਿਸ ਅਨੁਸਾਰ, ਲਗਭਗ ਦੋ ਹਫ਼ਤੇ ਪਹਿਲਾਂ ਅਮਨਦੀਪ ਦੀ ਦੁਕਾਨ ‘ਤੇ ਛਾਪੇਮਾਰੀ ਦੌਰਾਨ ਇੱਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਪੁਲਿਸ ਦਾ ਦੋਸ਼ ਹੈ ਕਿ ਹਸਪਤਾਲ ਦੀ ਉਸਾਰੀ ਨਸ਼ੇ ਦੇ ਕਾਰੋਬਾਰ ਤੋਂ ਕਮਾਏ ਗਏ ਪੈਸਿਆਂ ਨਾਲ ਕਰਵਾਈ ਜਾ ਰਹੀ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਇਮਾਰਤ ਦੇ ਕੁਝ ਹਿੱਸੇ ਨੂੰ ਢਾਹਿਆ ਗਿਆ ਹੈ ਅਤੇ ਅੱਗੇ ਵੀ ਪੜਾਅਵਾਰ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ। ਪੂਰੀ ਇਮਾਰਤ ਨੂੰ ਸੀਲ ਕਰਨ ਦੀ ਪ੍ਰਕਿਰਿਆ ਵੀ ਕੀਤੀ ਜਾਵੇਗੀ।
ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਜਾਇਦਾਦ ਅਮਨਦੀਪ ਸਿੰਘ ਦੀ ਹੈ, ਜੋ ਜੂਨ ਮਹੀਨੇ ਵਿੱਚ ਡਿਵੀਜ਼ਨ ਨੰਬਰ-1 ਇਲਾਕੇ ਵਿੱਚ ਦੋ ਧਿਰਾਂ ਵਿਚਕਾਰ ਹੋਈ ਝੜਪ ਦੇ ਮਾਮਲੇ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਤਿੰਨ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਐਨਡੀਪੀਐਸ ਐਕਟ ਦੇ ਦੋ ਅਤੇ ਆਰਮਜ਼ ਐਕਟ ਦਾ ਇੱਕ ਮਾਮਲਾ ਸ਼ਾਮਲ ਹੈ।










