Homeਦੇਸ਼TMC ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ ਦੇ ਬਾਹਰ ਚੱਲਿਆ ਬੁਲਡੋਜ਼ਰ

TMC ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ ਦੇ ਬਾਹਰ ਚੱਲਿਆ ਬੁਲਡੋਜ਼ਰ

ਕੋਲਕਾਤਾ: ਤ੍ਰਿਣਮੂਲ ਕਾਂਗਰਸ (TMC) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਕੋਲਕਾਤਾ ਸਥਿਤ ਰਿਹਾਇਸ਼ ਦੇ ਬਾਹਰ ਅੱਜ , ਵੀਰਵਾਰ ਨੂੰ ਨਗਰ ਨਿਗਮ ਨੇ ਬੁਲਡੋਜ਼ਰ ਚਲਾ ਕੇ ਫੁੱਟਪਾਥ ‘ਤੇ ਬਣੇ ਬਾਂਸ ਦੇ ਅਸਥਾਈ ਢਾਂਚੇ ਨੂੰ ਹਟਾ ਦਿੱਤਾ। ਅਧਿਕਾਰੀਆਂ ਨੇ ਪੈਦਲ ਯਾਤਰੀਆਂ ਦੀ ਆਵਾਜਾਈ ਵਿੱਚ ਕਥਿਤ ਰੁਕਾਵਟ ਬਣ ਰਹੇ ਲੋਹੇ ਦੇ ਗੇਟ ਨੂੰ ਵੀ ਗੈਸ ਕਟਰ ਨਾਲ ਕੱਟ ਕੇ ਹਟਾ ਦਿੱਤਾ। ਇਹ ਕਾਰਵਾਈ ਬੈਨਰਜੀ ਦੀ 121, ਕਾਲੀਘਾਟ ਰੋਡ ਸਥਿਤ ਰਿਹਾਇਸ਼ ਦੇ ਬਾਹਰ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਕੀਤੀ ਗਈ।

ਇਸ ਦੌਰਾਨ ਕੋਲਕਾਤਾ ਪੁਲਿਸ ਅਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਸਨ। ਨਗਰ ਨਿਗਮ ਦੇ ਕਰਮਚਾਰੀਆਂ ਨੇ ਪਹਿਲਾਂ ਬੁਲਡੋਜ਼ਰ ਨਾਲ ਢਾਂਚੇ ਨੂੰ ਢਾਹਿਆ ਅਤੇ ਫਿਰ ਬਾਂਸ ਦੇ ਖੰਭੇ ਹਟਾ ਕੇ ਫੁੱਟਪਾਥ ਖਾਲੀ ਕਰਵਾਇਆ। ਇਹ ਢਾਂਚਾ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਸੀ। TMC ਦਾ ਕਹਿਣਾ ਸੀ ਕਿ ਇਸ ਨੂੰ ਪੱਛਮੀ ਬੰਗਾਲ ਸੁਰੱਖਿਆ ਨਿਰਦੇਸ਼ਾਲੇ ਵੱਲੋਂ ਬੈਨਰਜੀ ਨੂੰ ਜ਼ੈੱਡ-ਪਲੱਸ ਸੁਰੱਖਿਆ ਮਿਲਣ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਮੁਲਾਜ਼ਮਾਂ ਲਈ ਬਣਵਾਇਆ ਗਿਆ ਸੀ। ਪਾਰਟੀ ਨੇ ਇਸ ਨੂੰ ਸੰਸਦ ਮੈਂਬਰ ਵੱਲੋਂ ਕਰਵਾਇਆ ਗਿਆ ਗੈਰ-ਕਾਨੂੰਨੀ ਨਿਰਮਾਣ ਮੰਨਣ ਤੋਂ ਇਨਕਾਰ ਕੀਤਾ ਸੀ।

TMC ਦੇ ਬੁਲਾਰੇ ਅਰਕਾ ਨਾਗ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਾਧੂ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਇਸ ਢਾਂਚੇ ਦੀ ਕੋਈ ਲੋੜ ਨਹੀਂ ਰਹਿ ਗਈ ਸੀ ਅਤੇ ਬੈਨਰਜੀ ਵੱਲੋਂ ਇਸ ਨੂੰ ਹਟਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ। ਉਨ੍ਹਾਂ ਦੇ ਦਫ਼ਤਰ ਦੇ ਕਰਮਚਾਰੀਆਂ ਨੇ ਬੁੱਧਵਾਰ ਨੂੰ ਇਸ ਨੂੰ ਹਟਾਉਣਾ ਵੀ ਸ਼ੁਰੂ ਕਰ ਦਿੱਤਾ ਸੀ। ਬੁੱਧਵਾਰ ਨੂੰ ਵਿਵਾਦ ਉਸ ਸਮੇਂ ਹੋਰ ਵਧ ਗਿਆ, ਜਦੋਂ ਬੈਨਰਜੀ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮ ਵਾਹਨਾਂ ਰਾਹੀਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ।

TMC ਨੇ ਦਾਅਵਾ ਕੀਤਾ ਸੀ ਕਿ ਪੁਲਿਸ ਮੁਲਾਜ਼ਮ ਇਸ ਢਾਂਚੇ ਨੂੰ ਹਟਵਾਉਣ ਲਈ ਉੱਥੇ ਪਹੁੰਚੇ ਸਨ। ਸਥਾਨਕ ਲੋਕਾਂ ਨੇ ਵੀ ਇਸ ਢਾਂਚੇ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕਾਰਨ ਫੁੱਟਪਾਥ ‘ਤੇ ਪੈਦਲ ਚੱਲਣ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਸੀ ਅਤੇ ਉਨ੍ਹਾਂ ਨੂੰ ਭੀੜ-ਭੜੱਕੇ ਵਾਲੀ ਸੜਕ ਤੋਂ ਲੰਘਣਾ ਪੈਂਦਾ ਸੀ। 6 ਨਵੰਬਰ ਨੂੰ ਬੈਨਰਜੀ ਦੇ ਜਨਮਦਿਨ ਸਮਾਰੋਹ ਦੌਰਾਨ ਕਾਲੀਘਾਟ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਸ ਢਾਂਚੇ ਹੇਠ ਇਕੱਠੇ ਹੋਣ ਤੋਂ ਬਾਅਦ ਇਹ ਵਿਵਾਦ ਹੋਰ ਵਧ ਗਿਆ।

ਪੱਛਮੀ ਬੰਗਾਲ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਅਤੇ TMC ਦੇ ਮੁੱਖ ਵਿਰੋਧੀ ਪਾਰਟੀ ਵਜੋਂ ਉਭਰਨ ਦਰਮਿਆਨ ਇਸ ਕਾਰਵਾਈ ਨੇ ਸਿਆਸੀ ਟਕਰਾਅ ਨੂੰ ਹੋਰ ਵਧਾ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments