ਤਰਨਤਾਰਨ : ਬੀ.ਐੱਸ.ਐੱਫ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਖੇਮਕਰਨ ਸੈਕਟਰ ਦੇ ਪਿੰਡ ਰਾਜੋਕੇ ਨੇੜੇ ਦੋ ਪਾਕਿਸਤਾਨੀ ਨਾਗਰਿਕ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਇਕ ਕਿਸਾਨ ਨੇ ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ ਨੂੰ ਸਰਹੱਦ ‘ਤੇ ਕਿਸੇ ਹਰਕਤ ਦੀ ਸੂਚਨਾ ਦਿੱਤੀ।
ਇਸ ਤੋਂ ਬਾਅਦ ਜਵਾਨਾਂ ਨੇ ਚੌਕਸੀ ਦਿਖਾਈ ਅਤੇ ਚੇਤਾਵਨੀਆਂ ਦਿੱਤੀਆਂ। ਚਿਤਾਵਨੀ ਦੇ ਬਾਵਜੂਦ ਲੋਕ ਭਾਰਤੀ ਖੇਤਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹੇ, ਜਿਸ ‘ਤੇ ਬੀ.ਐੱਸ.ਐੱਫ. ਨੇ ਕਾਰਵਾਈ ਕਰਦੇ ਹੋਏ ਦੋਵਾਂ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਸਰਹੱਦੀ ਖੇਤਰ ‘ਚ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਇਸ ਸਬੰਧੀ ਬੀ.ਐਸ.ਐਫ, ਖੁਫੀਆ ਏਜੰਸੀਆਂ ਅਤੇ ਥਾਣਾ ਖਾਲੜਾ ਪੁਲਿਸ ਨੇ ਸਾਂਝੇ ਤੌਰ ‘ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਬੀ.ਐਸ.ਐਫ. ਨੇ ਮ੍ਰਿਤਕਾਂ ਦੀ ਪਛਾਣ ਅਤੇ ਉਨ੍ਹਾਂ ਕੋਲੋਂ ਬਰਾਮਦ ਕੀਤੇ ਸਮਾਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।












